- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਮਾਂ ਬੋਲੀ ਦਿਵਸ

ਕਸ਼ਮੀਰ ਸਿੰਘ ਸੰਧੂ/ਤਾਰਿਕ ਅਹਿਮਦ, ਪੰਜਾਬੀ ਜਾਗਰਣ
ਕਾਦੀਆਂ/ਸ੍ਰੀ ਹਰਗੋਬਿੰਦਪੁਰ ਸਾਹਿਬ : ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਵੱਲੋਂ ਭਰਪੂਰ ਜੋਸ਼ ਅਤੇ ਉਤਸ਼ਾਹ ਨਾਲ ‘ਮਾਂ ਬੋਲੀ ਮੇਲਾ’ ਮਨਾਇਆ ਗਿਆ। ਇਹ ਸਮਾਰੋਹ ਵਿਦਿਆਰਥੀਆਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਡੂੰਘਾ ਸਤਿਕਾਰ, ਪਿਆਰ ਅਤੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਸੀ।
ਸੰਸਥਾ ਦੇ ਮਹਿੰਦਰ ਸਿੰਘ ਰੰਧਾਵਾ ਹਾਲ ਵਿੱਚ ਸੁੰਦਰਤਾ ਨਾਲ ਸਜਾਏ ਮੰਚ ’ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਨਾਟਕਾਂ ਨਾਲ ਮੇਲੇ ਦੀ ਸ਼ੁਰੂਆਤ ਹੋਈ। ਨੀਲਮ ਅਤੇ ਜਗਦੀਪ ਕੌਰ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਨਾਟਕ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ। ਇਸ ਨਾਟਕ ਨੇ ਮਾਂ ਬੋਲੀ ਦੀ ਮਹੱਤਤਾ ਅਤੇ ਇਸ ਦੀ ਸੰਭਾਲ ਨਾਲ ਜੁੜੇ ਸੰਦੇਸ਼ਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਦੀ ਬੇਮਿਸਾਲ ਅਦਾਕਾਰੀ ਅਤੇ ਸੰਦੇਸ਼ ਭਰਪੂਰ ਪੇਸ਼ਕਾਰੀ ਨੇ ਹਾਲ ਨੂੰ ਤਾਲੀਆਂ ਦੀ ਗੂੰਜ ਨਾਲ ਰੌਣਕਮਈ ਬਣਾ ਦਿੱਤਾ। ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ’ਚ ਕਵਿਤਾ ਮੁਕਾਬਲਾ, ਕੈਲੀਗ੍ਰਾਫੀ ਮੁਕਾਬਲਾ, ਬੋਰਡ ਲਿਖਣ ਮੁਕਾਬਲਾ ਅਤੇ ਲੈਕਚਰ ਮੁਕਾਬਲਾ ਸ਼ਾਮਲ ਸਨ। ਜੀਨਸ ਦੀ ਅਗਵਾਈ ਅਧੀਨ ਪ੍ਰਸ਼ਨ-ਉੱਤਰ ਮੁਕਾਬਲਾ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਲੁਪਤ ਹੋ ਰਹੇ ਸ਼ਬਦਾਂ ਬਾਰੇ ਸਵਾਲ ਪੁੱਛੇ ਗਏ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਨੇ ਬੱਚਿਆਂ ਵਿੱਚ ਪੁਰਾਤਨ ਅਤੇ ਖਤਰੇ ਵਿੱਚ ਪਏ ਸ਼ਬਦਾਂ ਪ੍ਰਤੀ ਰੁਚੀ ਅਤੇ ਜਾਗਰੂਕਤਾ ਵਧਾਈ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਮਨਪ੍ਰੀਤ ਕੌਰ ਨੇ ਕਿਹਾ ‘ਜੇਕਰ ਤੁਹਾਡੀ ਮਾਂ ਬੋਲੀ ਵਿੱਚ ਮੁਹਾਰਤ ਹੈ ਤਾਂ ਬਾਕੀ ਭਾਸ਼ਾਵਾਂ ’ਤੇ ਵੀ ਮੁਹਾਰਤ ਹਾਸਲ ਕਰਨਾ ਆਸਾਨ ਹੋ ਜਾਂਦਾ ਹੈ। ਮਾਂ ਬੋਲੀ ਮਜ਼ਬੂਤ ਹੋਵੇਗੀ ਤਾਂ ਹੋਰ ਭਾਸ਼ਾਵਾਂ ਸਿੱਖਣ ਵਿੱਚ ਆਸਾਨੀ ਰਹਿੰਦੀ ਹੈ।’ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਅਤੇ ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸਰਾਹਨਾ ਕੀਤੀ। ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਡੀ ਪਹਿਚਾਣ, ਸਾਡਾ ਮਾਣ ਹੈ, ਜੇਕਰ ਜੜ੍ਹਾਂ ਮਜ਼ਬੂਤ ਹੋਣ ਦਰੱਖਤ ਉੱਚਾ ਵੱਧਦਾ ਹੈ। ਸੋ ਮਾਂ ਬੋਲੀ ਸਾਡੀਆਂ ਜੜਾਂ ਹਨ ਤੇ ਇਸ ਨੂੰ ਸਾਂਭਣਾ ਸੱਚੀ ਸਿੱਖਿਆ ਹੈ। ਉਹਨਾਂ ਨੇ ਕਿਹਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗੂੰ ਰੁਲ ਜਾਵੋਗੇ। ਅਖ਼ੀਰ ਮਾਂ ਬੋਲੀ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਸੰਕਲਪ ਵੀ ਲਿਆ ਕਿ ਉਹ ਕਦੇ ਵੀ ਆਪਣੀ ਮਾਂ ਬੋਲੀ ਨੂੰ ਵਿਸਾਰਨਗੇ ਨਹੀਂ ਤੇ ਮਾਂ ਬੋਲੀ ਵਿੱਚ ਵੱਧ ਤੋਂ ਵੱਧ ਸਾਹਿਤਿਕ ਕਿਤਾਬਾਂ ਵੀ ਪੜ੍ਹਨਗੇ।