ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਹੇ ਨੇ ਸ਼ਹੀਦ ਸਤਨਾਮ ਸਿੰਘ ਕਿਰਤੀ ਚੱਕਰ ਦੇ ਪਿੰਡ ਲੀਲ੍ਹ ਕਲਾਂ ਦੇ ਲੋਕ
ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਹੇ ਨੇ ਸ਼ਹੀਦ ਸਤਨਾਮ ਸਿੰਘ ਕਿਰਤੀ ਚੱਕਰ ਦੇ ਪਿੰਡ ਲੀਲ੍ਹ ਕਲਾਂ ਦੇ ਲੋਕ
Publish Date: Sat, 24 Jan 2026 04:24 PM (IST)
Updated Date: Sun, 25 Jan 2026 04:04 AM (IST)

ਕਾਦੀਆਂ : ਪਿੰਡ ਲੀਲ ਕਲਾਂ ਬਟਾਲਾ-ਹਰਚੋਵਾਲ ਰੋਡ ’ਤੇ ਕਾਦੀਆਂ ਦੇ ਨਜ਼ਦੀਕ ਸਥਿਤ ਹੈ। ਪਿੰਡ ਦੀ ਮੁੱਖ ਸੜਕ ’ਤੇ ਸ਼ਹੀਦ ਸਿਪਾਹੀ ਸਤਨਾਮ ਸਿੰਘ ਕਿਰਤੀ ਚੱਕਰ ਦੇ ਨਾਂ ’ਤੇ ਸਿਵਾਏ ਯਾਦਗਰੀ ਗੇਟ ਤੋਂ ਇਲਾਵਾ ਹੋਰ ਕੋਈ ਵੀ ਯਾਦਗਾਰ ਨਹੀ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਭਾਰਤੀ ਸੈਨਾ ਵਿਚ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਸਿਪਾਹੀ ਸਤਨਾਮ ਸਿੰਘ 14 ਮਾਰਚ 1992 ਨੂੰ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਕਤਰਾਲੀ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਪਿੰਡ ਦੇ ਮੌਜੂਦਾ ਸਰਪੰਚ ਮਨਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਿੰਡ ਦੇ 100 ਤੋਂ ਵੱਧ ਨੌਜਵਾਨ ਸੈਨਾ ਅਤੇ ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਵਿਚ ਸੇਵਾ ਨਿਭਾਅ ਰਹੇ ਹਨ, ਜਿਨ੍ਹਾਂ ਵਿੱਚੋ ਕਰੀਬ 10 ਲੋਕ ਸਿੱਖਿਆ ਵਿਭਾਗ, ਸਿਹਤ ਅਤੇ ਹੋਰ ਵਿਭਾਗਾਂ ਵਿੱਚ ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ 50 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ 7 ਗੁਰਦੁਆਰਾ ਸਾਹਿਬ, ਇੱਕ ਮਿਡਲ ਸਕੂਲ, ਇੱਕ ਪ੍ਰਾਇਮਰੀ ਸਕੂਲ, ਇੱਕ ਆਂਗਨਵਾੜੀ ਸੈਂਟਰ, ਇੱਕ ਡਿਸਪੈਂਸਰੀ, ਇੱਕ ਕੋਪਰੇਟ ਸੋਸਾਇਟੀ ਦਫ਼ਤਰ, ਤਿੰਨ ਪਿੰਡਾਂ ਨੂੰ ਕਵਰ ਕਰਨ ਵਾਲਾ ਉਪ ਡਾਕਘਰ, ਇੱਕ ਖੇਡ ਮੈਦਾਨ ਮੌਜੂਦ ਹੈ। ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਸਕੂਲ ਅਤੇ ਇੱਕ ਪ੍ਰਾਈਵੇਟ ਕਾਲਜ ਹੈ। ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗਲੀਆਂ ਨਾਲੀਆਂ ਪੱਕੀਆਂ ਹਨ। ਪਿੰਡ ਦੀ ਫਿਰਨੀ, ਲਿੰਕ ਸੜਕ ਡੱਲਾ, ਨੱਤ, ਕੰਡੀਲਾ ਅਤੇ ਡੇਰੇ ਵਾਲਿਆਂ ਦੇ ਸਾਰੇ ਰਸਤਿਆਂ ਨੂੰ ਪੱਕਾ ਕੀਤਾ ਹੈ। ਪਿੰਡ ਵਿੱਚ 4 ਛੱਪੜ ਹਨ। ਉਨ੍ਹਾਂ ਨੇ ਕਿਹਾ ਬੱਚਿਆਂ ਨੂੰ ਮਿਡਲ ਕਲਾਸ ਤੋਂ ਬਾਅਦ ਨੇੜੇ 3 ਕਿਲੋਮੀਟਰ ਦੂਰ ਕਾਦੀਆਂ ਵਿਖੇ ਜਾਣਾ ਪੈਂਦਾ ਹੈ। ਪਿੰਡ ਦੇ ਲੋਕ ਕਿਸਾਨੀ ਨਾਲ ਸਬੰਧਿਤ ਹਨ ਅਤੇ ਕਣਕ/ਝੋਨੇ ਦੀ ਖੇਤੀ ਕਰਦੇ ਹਨ। ਪਿੰਡ ਦੇ ਲੋਕਾਂ ਦੀ ਮੰਗਾਂ ਤੇ ਮੌਜੂਦਾ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਟੇਡੀਅਮ ਦਾ ਨਿਰਮਾਣ, ਮਿਡਲ ਸਕੂਲ ਦਾ ਨਾਮ ਸ਼ਹੀਦ ਸਿਪਾਹੀ ਸਤਨਾਮ ਸਿੰਘ ਯਾਦਗਰੀ ਰੱਖਣ ਲਈ ਪੰਚਾਇਤ ਨੂੰ ਮਤਾ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਹੋਇਆ ਹੈ, ਸੀਨੀਅਰ ਸੈਕੰਡਰੀ ਸਕੂਲ ਬਣਾਉਣ ਤੋਂ ਇਲਾਵਾ, ਚਾਰੋਂ ਛੱਪੜਾਂ ਨੂੰ ਥਾਪਰ ਮਾਡਲ ਅਧੀਨ ਲਿਆਉਣਾ, ਜਿੰਮ ਅਤੇ ਪਾਰਕ, ਤੋਂ ਇਲਾਵਾ ਵਾਟਰ ਸਪਲਾਈ ਖ਼ਸਤਾ ਹਾਲ ਹੋਣ ਕਾਰਨ ਲੰਬੇ ਸਮੇਂ ਤੋਂ ਬੰਦ ਪਈ ਹੈ ਨੂੰ ਚਾਲੂ ਕਰਨਾ ਅਤੇ ਸਾਫ਼ ਅਤੇ ਸ਼ੁੱਧ ਪਾਣੀ ਨੂੰ ਘਰ-ਘਰ ਪਹੁਚਾਉਣ ਲਈ ਪਿੰਡ ਵਿੱਚ ਪਾਈਪ ਲਾਈਨ ਵਿਛਾਉਣ ਆਦਿ ਕਾਰਜਾਂ ਲਈ ਪੰਚਾਇਤ ਦੁਆਰਾ ਪ੍ਰਸਤਾਵ ਤਿਆਰ ਕੀਤੇ ਹੋਏ ਹਨ ਅਤੇ ਗ੍ਰਾਂਟ ਆਉਣ ਤੇ ਸਾਰੇ ਕਾਰਜਾਂ ਨੂੰ ਕਰਵਾਇਆ ਜਾਵੇਗਾ। ਪਿੰਡ ਦੀ ਪਛਾਣ - ਪਿੰਡ ਲੀਲ ਕਲਾਂ ਦੀ ਪਛਾਣ ਪਿੰਡ ਵਿੱਚ ਸਥਿਤ ਗੁਰਦੁਆਰਾ ਮੱਕਾ ਸਾਹਿਬ ਹੈ। ਗੁਰਦੁਆਰੇ ਸਾਹਿਬ ਦੇ ਸੇਵਾਦਾਰ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਸਾਹਿਬ ਵਿਚ ਦੂਰ ਦਰਾਜ ਤੋਂ ਵੀ ਅਕਸਰ ਸੰਗਤ ਆਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਮੱਥਾ ਟੇਕ ਕੇ ਨਤਮਸਤਕ ਹੁੰਦੀ ਹੈ। ਗੁਰਦੁਆਰੇ ਸਾਹਿਬ ਵਿੱਚ ਹਰ ਸਾਲ ਵੈਸਾਖੀ ਉੱਤੇ ਵੱਡਾ ਮੇਲਾ ਲਗਦਾ ਹੈ।