- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਾਨੌਰ ਡਿਸਟ੍ਰੀਬਿਊਟਰੀ ਦੀ ਸਫ਼ਾਈ ਅਤੇ ਪਾਣੀ ਨਾ ਛੱਡਣ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
-ਪਾਣੀ ਨਾ ਛੱਡਣ ’ਤੇ ਡੀਸੀ ਦਫ਼ਤਰ ਘੇਰਨ ਦਾ ਚਿਤਾਵਨੀ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸੈਂਕੜੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਕਲਾਨੌਰ ਡਿਸਟ੍ਰੀਬਿਊਟਰੀ ਵਿੱਚ ਪਾਣੀ ਨਾ ਛੱਡੇ ਜਾਣ ਅਤੇ ਸਫ਼ਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਨਿਚਰਵਾਰ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਅਤੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਝੋਨੇ ਦੀ ਬਿਜਾਈ ਲਈ ਕਲਾਨੌਰ ਡਿਸਟ੍ਰੀਬਿਊਟਰੀ ਵਿੱਚ ਤੁਰੰਤ ਪਾਣੀ ਨਾ ਛੱਡਿਆ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਹਰਜੀਤ ਸਿੰਘ ਕਾਹਲੋ, ਸਤਪਾਲ ਸਿੰਘ ਰੁਡਿਆਣਾ, ਗੁਰਵਿੰਦਰ ਸਿੰਘ ਗੁਰਾਇਆ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਬੁਲਾਰੀਆ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਕਲਾਨੌਰ ਡਿਸਟ੍ਰੀਬਿਊਟਰੀ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸੈਂਕੜੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਂਦੀ ਹੈ।
ਬਾਰਡਰ ਏਰੀਏ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਇਸੇ ਡਿਸਟ੍ਰੀਬਿਊਟਰੀ ਦੇ ਪਾਣੀ 'ਤੇ ਨਿਰਭਰ ਕੇ ਝੋਨੇ ਦੀ ਬਿਜਾਈ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲੀ ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ, ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਕਲਾਨੌਰ ਡਿਸਟ੍ਰੀਬਿਊਟਰੀ ਵਿੱਚ ਅਜੇ ਤੱਕ ਨਹਿਰ ਦਾ ਇੱਕ ਬੂੰਦ ਪਾਣੀ ਵੀ ਨਹੀਂ ਆਇਆ। ਪਾਣੀ ਦੀ ਅਣਹੋਂਦ ਕਾਰਨ ਬਾਹਰੀ ਸੂਬਿਆਂ ਤੋਂ ਝੋਨਾ ਲਗਾਉਣ ਆਈਆਂ ਮਜ਼ਦੂਰ ਔਰਤਾਂ ਵੀ ਵਿਹਲੀਆਂ ਬੈਠੀਆਂ ਹਨ ਅਤੇ ਕਿਸਾਨ ਝੋਨੇ ਦੀ ਬਿਜਾਈ ਲਈ ਆਪਣੇ ਹੱਥ ਪੈਰ ਮਾਰਦੇ ਵੇਖੇ ਜਾ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਇਸ ਡਿਸਟ੍ਰੀਬਿਊਟਰੀ ਦੇ ਕਈ ਥਾਵਾਂ 'ਤੇ ਕਿਨਾਰੇ ਟੁੱਟ ਗਏ ਸਨ, ਜਿਸ ਨੂੰ ਕਿਸਾਨਾਂ ਤੇ ਪ੍ਰਸ਼ਾਸਨ ਨੇ ਬੋਰੀਆਂ ਪਾ ਕੇ ਟਾਈਮ ਪਾਸ ਕੀਤਾ ਸੀ। ਪਰੰਤੂ ਇਸ ਵਾਰ ਤਾਂ ਸਰਕਾਰ ਨੇ ਡਿਸਟ੍ਰੀਬਿਊਟਰੀ ਦੀ ਸਫ਼ਾਈ ਵੀ ਨਹੀਂ ਕਰਵਾਈ। ਡਿਸਟ੍ਰੀਬਿਊਟਰੀ ਵਿੱਚ ਜੰਗਲੀ ਬੂਟੀ ਉੱਗ ਜਾਣ ਕਾਰਨ ਨਹਿਰੀ ਪਾਣੀ ਦਾ ਨਿਕਾਸ ਹੋਣਾ ਵੀ ਮੁਸ਼ਕਲ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਟੇਲੇ ਤੱਕ ਪਾਣੀ ਪਹੁੰਚਾਉਣ ਦੇ ਸਰਕਾਰੀ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਬਿਜਾਈ ਲਈ ਤੁਰੰਤ ਕਲਾਨੌਰ ਡਿਸਟ੍ਰੀਬਿਊਟਰੀ ਵਿੱਚ ਨਹਿਰੀ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਪਾਣੀ ਨਾ ਛੱਡਿਆ ਗਿਆ ਤਾਂ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ।
-------
ਤਿੰਨ-ਚਾਰ ਦਿਨਾਂ ’ਚ ਕਲਾਨੌਰ ਪਹੁੰਚ ਜਾਵੇਗਾ ਪਾਣੀ : ਐਕਸੀਅਨ
ਇਸ ਸਬੰਧੀ ਡਿਸਟ੍ਰੀਬਿਊਟਰੀ ਨਾਲ ਸਬੰਧਤ ਐਕਸੀਅਨ ਮਾਧੋਪੁਰ ਵੱਲੋਂ ਦੱਸਿਆ ਗਿਆ ਕਿ ਪਾਣੀ ਛੱਡ ਦਿੱਤਾ ਗਿਆ ਹੈ ਅਤੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਕਲਾਨੌਰ ਏਰੀਏ ਵਿੱਚ ਪਾਣੀ ਪਹੁੰਚ ਜਾਵੇਗਾ।