ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ ਮੌਕੇ ਕੱਢੀ ਸ਼ੋਭਾ ਯਾਤਰਾ
ਸ੍ਰੀ ਬਾਵਾ ਲਾਲ ਦਿਆਲ ਜੀ ਦੇ 671ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
Publish Date: Sun, 11 Jan 2026 05:30 PM (IST)
Updated Date: Mon, 12 Jan 2026 04:09 AM (IST)
ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ
ਧਿਆਨਪੁਰ : ਸ੍ਰੀ ਬਾਵਾ ਲਾਲ ਦਿਆਲ ਜੀ ਦੇ 671ਵੇਂ ਜਨਮ ਦਿਨ ਨੂੰ ਸਮਰਪਿਤ ਇਤਿਹਾਸਿਕ ਮੰਦਰ ਧਿਆਨਪੁਰ ਤੋਂ ਸ਼ੋਭਾ ਯਾਤਰਾ ਦੀ ਆਰੰਭਤਾ ਮੰਦਿਰ ਦੇ ਗੱਦੀ ਨਸ਼ੀਨ ਮਹੰਤ ਰਾਮ ਸੁੰਦਰ ਦਾਸ ਜੀ ਵੱਲੋਂ ਕੀਤੀ ਗਈ। ਯਾਤਰਾ ਦੀ ਆਰੰਭਤਾ ਮੌਕੇ ਜੈ ਸ਼੍ਰੀ ਬਾਵਾ ਲਾਲ ਜੈ ਸ਼੍ਰੀ ਬਾਬਾ ਲਾਲ ਜੀ ਦੇ ਜੈਕਾਰਿਆ ਨਾਲ ਗੂੰਜ ਉੱਠਿਆ ਧਿਆਨਪੁਰ। ਮਹੰਤ ਰਾਮ ਸੁੰਦਰ ਦਾਸ ਜੀ ਨੇ ਦੱਸਿਆ ਕਿ ਬਾਵਾ ਲਾਲ ਜੀ ਦਾ 671ਵਾਂ ਜਨਮ ਦਿਨ 20 ਜਨਵਰੀ 2026 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਦਰਸ਼ਨ ਕਰਨ ਲਈ ਪਹੁੰਚ ਰਹੀ ਹੈ। ਉਹਨਾਂ ਦੇ ਰਹਿਣ ਅਤੇ ਲੰਗਰ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ।
ਬਾਹਰੋਂ ਆਈ ਹੋਈ ਸੰਗਤ ਦੀ ਸੇਵਾ ਲਈ ਮੰਦਰ ਦੇ ਸਮੂਹ ਸੇਵਾਦਾਰ 24 ਘੰਟੇ ਸੰਗਤ ਦੀ ਸੇਵਾ ਲਈ ਹਾਜ਼ਰ ਹਨ। ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਆਪਣਿਆਂ ਮਹਾਂਪੁਰਖਾਂ ਦੇ ਦਿਨ ਵੱਡੀ ਪੱਧਰ ’ਤੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਇਸ ਤੋਂ ਸੇਧ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਆਪਣੇ ਜੀਵਨ ਵਿੱਚ ਸੇਵਾ ਭਾਵਨਾ ਧਾਰਨ ਕਰ ਸਕਣ ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਮਹੰਤ ਰਾਮ ਗੋਪਾਲ ਦਾਸ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ, ਨਰਿੰਦਰ ਕੁਮਾਰ ਦੀਪੂ, ਅਸ਼ਵਨੀ ਕੁਮਾਰ, ਰਜੇਸ਼ ਕੁਮਾਰ, ਰਵੀਕਾਂਤ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ। ਕਸਬਾ ਧਿਆਨਪੁਰ ਦੇ ਸਮੁੱਚੇ ਬਾਜ਼ਾਰ ਬੰਦ ਰਹੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ੋਭਾ ਯਾਤਰਾ ’ਚ ਹਾਜ਼ਰੀ ਭਰੀ। ਸੰਗਤ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਜਗ੍ਹਾ-ਜਗ੍ਹਾ ’ਤੇ ਸੰਗਤ ਲਈ ਕਈ ਪ੍ਰਕਾਰ ਦੇ ਪਕਵਾਨਾ ਦੇ ਲੰਗਰ ਲਗਾਏ ਗਏ। ਇਹ ਸ਼ੋਭਾ ਯਾਤਰਾ ਸ੍ਰੀ ਬਾਬਾ ਲਾਲ ਦਿਆਲ ਜੀ ਦੇ ਇਤਿਹਾਸਕ ਮੰਦਰ ਧਿਆਨਪੁਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਗਿੱਲਾਂਵਾਲੀ, ਰਾਏਮਲ, ਰਊਵਾਲ, ਖਹਿਰਾ ਸੁਲਤਾਨ, ਕੋਟਲੀ ਸੂਰਤ ਮੱਲ੍ਹੀ, ਮੰਮਣ ਸਮੇਤ ਕਈ ਪਿੰਡਾਂ ’ਚੋਂ ਲੰਘਦੀ ਹੋਈ ਵਾਪਸ ਧਿਆਨਪੁਰ ਮੰਦਰ ਪਹੁੰਚੀ।