ਸਟ੍ਰਾਬੇਰੀ ਦੀ ਸਫਲ ਕਾਸ਼ਤ ਕਰਕੇ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਿਸਾਨਾਂ ਲਈ ਰਾਹ-ਦਸੇਰਾ ਬਣਿਆ
ਸਟਰਾਅ ਬੇਰੀ ਦੀ ਸਫਲ ਕਾਸ਼ਤ ਕਰਕੇ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਿਸਾਨਾਂ ਲਈ ਰਾਹ-ਦਸੇਰਾ ਬਣਿਆ
Publish Date: Sat, 28 Feb 2026 05:12 PM (IST)
Updated Date: Sun, 01 Mar 2026 04:04 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਮਿਹਨਤ ਅੱਗੇ ਲਕਸ਼ਮੀ ਅਤੇ ਪੱਖੇ ਅੱਗੇ ਪੌਣ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਰਕ ਦੇ ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਸੱਚ ਕਰ ਦਿਖਾਇਆ ਹੈ। ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਆਪਣੇ ਖੇਤਾਂ ਵਿੱਚ ਪਿਛਲੇ ਇੱਕ ਦਹਾਕੇ ਤੋਂ ਸਟ੍ਰਾਬੇਰੀ ਦੀ ਸਫਲ ਕਾਸ਼ਤ ਕਰਕੇ ਚੋਖੀ ਆਮਦਨ ਕਮਾ ਰਿਹਾ ਹੈ। ਸ਼ੇਰੇ ਪੰਜਾਬ ਸਿੰਘ ਨੇ ਇਸ ਫ਼ਸਲ ਦੀ ਕਾਸ਼ਤ ਕਰਕੇ ਜਿੱਥੇ ਫ਼ਸਲੀ ਵਿਭਿੰਨਤਾ ਲਿਆਂਦੀ ਹੈ, ਓਥੇ ਨਾਲ ਹੀ ਪਾਣੀ ਦੀ ਬੱਚਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਸਟ੍ਰਾਬੇਰੀ ਦੀ ਕਾਸ਼ਤ ਕਰ ਰਿਹਾ ਹੈ। ਕਾਹਲੋਂ ਨੇ ਦੱਸਿਆ ਕਿ ਉਸ ਨੇ ਇਸ ਸਾਲ ਵੀ 6 ਕਨਾਲ਼ਾਂ ’ਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ। ਉਸਨੇ ਦੱਸਿਆ ਕਿ ਉਹ ਸਟ੍ਰਾਬੇਰੀ ਦੀ ਮਾਰਕੀਟਿੰਗ ਵੀ ਖ਼ੁਦ ਕਰਦਾ ਹੈ ਅਤੇ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਉਸਨੂੰ ਇਸ ਫ਼ਸਲ ਵਿੱਚੋਂ ਵੱਧ ਆਮਦਨ ਹੋ ਰਹੀ ਹੈ। ਉਸਨੇ ਕਿਹਾ ਕਿ ਉਸਦੇ ਗ੍ਰਾਹਕ ਉਸ ਨਾਲ ਸਿੱਧਾ ਰਾਬਤਾ ਕਰਕੇ ਆਰਡਰ ਲਿਖਾ ਦਿੰਦੇ ਹਨ ਅਤੇ ਉਹ ਬਿਲਕੁਲ ਤਾਜ਼ੀ ਸਟਰਾਅ ਬੇਰੀ ਉਨ੍ਹਾਂ ਦੇ ਘਰ ਪਹੁੰਚਾ ਦਿੰਦਾ ਹੈ। ਅਜਿਹਾ ਕਰਨ ਨਾਲ ਉਸ ਨੂੰ ਬਜ਼ਾਰ ਨਾਲੋਂ ਵੱਧ ਰੇਟ ਮਿਲ ਜਾਂਦਾ ਹੈ। ਸਟ੍ਰਾਬੇਰੀ ਦੀ ਫ਼ਸਲ ਪੈਦਾ ਕਰਨਾ ਸਭ ਤੋਂ ਔਖਾ..... ਕਿਸਾਨ ਸ਼ੇਰੇ ਪੰਜਾਬ ਕਾਹਲੋਂ ਨੇ ਦੱਸਿਆ ਕਿ ਸਟ੍ਰਾਬੇਰੀ ਫਲ ਬਹੁਤ ਗੁਣਕਾਰੀ ਹੈ। ਉਸ ਨੇ ਦੱਸਿਆ ਕਿ ਸਟ੍ਰਾਬੇਰੀ ਦੀ ਬਿਜਾਈ ਅਕਤੂਬਰ ਮਹੀਨੇ ’ਚ ਕੀਤੀ ਜਾਂਦੀ ਹੈ ਅਤੇ ਇਹ ਫ਼ਸਲ ਪੱਕ ਕੇ ਫਰਵਰੀ ਮਹੀਨੇ ਚ ਤਿਆਰ ਹੁੰਦੀ ਹੈ। ਉਸ ਨੇ ਦੱਸਿਆ ਕਿ 20 ਫਰਵਰੀ ਤੋਂ ਬਾਅਦ ਇਸ ਦਾ ਮੰਡੀਕਰਨ ਕਰਨਾ ਸ਼ੁਰੂ ਹੋ ਜਾਂਦਾ ਹੈ। ਕਾਹਲੋਂ ਨੇ ਦੱਸਿਆ ਕਿ ਸਟ੍ਰਾਬੇਰੀ ਦੀ ਫ਼ਸਲ ਦੀ ਕਾਸ਼ਤ ਬਹੁਤ ਔਖੀ ਹੈ ਅਤੇ ਇਸ ਨੂੰ ਭਾਰੀ ਠੰਢ ਅਤੇ ਮੀਂਹ ਤੋਂ ਬਚਾਉਣਾ ਪੈਂਦਾ ਹੈ। ਸਾਫ਼ ਮੌਸਮ ਇਸ ਲਈ ਬਹੁਤ ਲਾਹੇਵੰਦ ਹੈ। ਉਸਨੇ ਦੱਸਿਆ ਕਿ ਇਸ ਦੀ ਪਨੀਰੀ ਹਿਮਾਚਲ ਦੇ ਊਨਾ ਅਤੇ ਮਹਾਂਬਲੇਸਵਰ ਤੋਂ ਮਿਲਦੀ ਹੈ। ਪੰਛੀ ਬੁਲਬੁਲ ਪਹੁੰਚਾਉਂਦੀ ਹੈ ਨੁਕਸਾਨ... ਸ਼ੇਰੇ ਪੰਜਾਬ ਨੇ ਦੱਸਿਆ ਕਿ ਪੰਛੀ ਬੁਲਬੁਲ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੇ ਦੱਸਿਆ ਕਿ ਸਟ੍ਰਾਬੇਰੀ ਦਾ ਫਲ ਪੱਕ ਕੇ ਤਿਆਰ ਹੁੰਦਾ ਹੈ ਤਾਂ ਇਸ ਉੱਤੇ ਬੁਲਬੁਲ ਪੰਛੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਨੇ ਦੱਸਿਆ ਕਿ ਬੁਲਬੁਲ ਪੰਛੀ ਤੋਂ ਬਚਾਉਣ ਲਈ ਆਡੀਓ ਟੇਪ ਦਾ ਫੀਤਾ ਤੇ ਲਿਸ਼ਕਾਰੇ ਵਾਲੇ ਫੀਤੇ ਦੀ ਆਲੇ-ਦੁਆਲੇ ਵਾੜ ਕਰਨੀ ਪੈਂਦੀ ਹੈ। ਸੋਸ਼ਲ ਮੀਡੀਆ ਰਾਹੀਂ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਰਦਾ ਹੈ ਮੰਡੀਕਰਨ.... ਕਿਸਾਨ ਸ਼ੇਰੇ ਪੰਜਾਬ ਨੇ ਦੱਸਿਆ ਕਿ ਉਹ ਸਟ੍ਰਾਬੇਰੀਦਾ ਮੰਡੀਕਰਨ ਸੋਸ਼ਲ ਮੀਡੀਆ ਦੇ ਜ਼ਰੀਏ ਕਰਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਫ਼ਸਲ ਨੂੰ ਪਹਿਲਾ ਮੰਡੀ ਵੇਚਦਾ ਸੀ ਤਾਂ ਉਸਨੂੰ ਭਾਅ ਕੁਝ ਘੱਟ ਮਿਲਦਾ ਸੀ ਅਤੇ ਫਿਰ ਉਸਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਫ਼ਸਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਸਦੇ ਗਾਹਕ ਸਿੱਧੇ ਰੂਪ ਵਿੱਚ ਜੁੜਨੇ ਸ਼ੁਰੂ ਹੋ ਗਏ ਅਤੇ ਉਸ ਨੇ ਘਰੋ-ਘਰੀ ਸਿੱਧੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੁਨਾਫ਼ਾ ਦੁੱਗਣਾ ਹੋ ਗਿਆ। ਹੁਣ ਕਿਸਾਨ ਸ਼ੇਰੇ ਪੰਜਾਬ ਨੂੰ ਉਸਦੇ ਗਾਹਕ ਸਿੱਧਾ ਆਰਡਰ ਦਿੰਦੇ ਹਨ ਅਤੇ ਉਹ ਸਟ੍ਰਾਬੇਰੀ ਦੀ ਹੋਮ ਡਲਿਵਰੀ ਕਰ ਦਿੰਦਾ ਹੈ। ਕੀੜੀ ਅਤੇ ਫੰਗਿਸ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਨਿੰਮ ਦੀ ਕਰਦਾ ਹੈ ਸਪਰੇਅ.... ਕਿਸਾਨ ਸ਼ੇਰੇ ਪੰਜਾਬ ਨੇ ਕਿਹਾ ਕਿ ਉਹ ਸਟ੍ਰਾਬੇਰੀ ਦੀ ਫ਼ਸਲ ਆਰਗੈਨਿਕ ਤਰੀਕੇ ਨਾਲ ਪੈਦਾ ਕਰਦਾ ਹੈ ਅਤੇ ਫਲ ਨੂੰ ਕੀੜੀ ਅਤੇ ਫੰਗੀਸ ਤੋਂ ਬਚਾਉਣ ਲਈ ਖੱਟੀ ਲੱਸੀ ਅਤੇ ਨਿੰਮ ਦਾ ਛਿੜਕਾਅ ਕਰਦਾ ਹੈ, ਇਸ ਤੋ ਇਲਾਵਾ ਉਹ ਦੇਸੀ ਖਾਦ ਦੀ ਵਰਤੋਂ ਕਰਦਾ ਹੈ। ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਅਤੇ ਸਹੀ ਜਾਣਕਾਰੀ ਅਤੇ ਆਪਣੀ ਮਿਹਨਤ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਸਫਲਤਾ ਦੀ ਨਵੀਂ ਇਬਾਰਤ ਲਿਖ ਸਕਦੇ ਹਨ।