ਇਤਿਹਾਸਕ ਹੋ ਨਿੱਬੜਿਆ ‘ਸ਼ਾਮ-ਏ-ਗ਼ਜ਼ਲ ਤੇ ਮੁਸ਼ਾਇਰਾ’
ਇਤਿਹਾਸਕ ਹੋ ਨਿਬੜਿਆ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’
Publish Date: Sat, 28 Mar 2026 03:27 PM (IST)
Updated Date: Sun, 29 Mar 2026 03:59 AM (IST)
ਗੁਰਦਾਸਪੁਰ: ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਕਰਕਵਾਏ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’ ਇੱਕ ਯਾਦਗਾਰ ਅਤੇ ਇਤਿਹਾਸਿਕ ਸਮਾਗਮ ਵਜੋਂ ਸਫਲਤਾਪੂਰਵਕ ਸੰਪੰਨ ਹੋਇਆ। ਇਹ ਵਿਸ਼ੇਸ਼ ਪ੍ਰੋਗਰਾਮ ਡਾ. ਰਾਜੇਸ਼ ਮੋਹਨ ਨੂੰ ਸਮਰਪਿਤ ਸੀ, ਜਿਸ ਵਿੱਚ ਪ੍ਰਸਿੱਧ ਸ਼ਾਇਰਾਂ ਅਤੇ ਕਵੀਆਂ ਨੇ ਆਪਣੀ ਕਲਾ ਰਾਹੀਂ ਹਾਜ਼ਰੀਨ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਜੇਕੇ ਬਰਦੀ ਡੀਆਈਜੀ ਬੀਐੱਸਐੱਫ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਤ ਮਨੁੱਖੀ ਜੀਵਨ ਨੂੰ ਸੁੰਦਰ ਅਤੇ ਸੰਵੇਦਨਸ਼ੀਲ ਬਣਾਉਂਦਾ ਹੈ। ਇਸ ਮੌਕੇ ‘ਗੈਸਟ ਆਫ ਆਨਰ’ ਵਜੋਂ ਡਾ. ਐੱਸਕੇ ਮਿਸ਼ਰਾ, ਵਾਈਸ ਚਾਂਸਲਰ ਪੰਜਾਬ ਸਟੇਟ ਬੇਅੰਤ ਸਿੰਘ ਯੂਨੀਵਰਸਿਟੀ, ਡਾ. ਪਰਦੀਪ ਵਾਲੀਆ ਵਾਈਸ ਚਾਂਸਲਰ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਅਤੇ ਡਾ. ਗੁਰਸ਼ਰਨਜੀਤ ਸਿੰਘ ਪ੍ਰਿੰਸੀਪਲ ਐੱਸਸੀਡੀ ਸਰਕਾਰੀ ਕਾਲਜ ਲੁਧਿਆਣਾ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਪ੍ਰਸਿੱਧ ਕਵੀਆਂ ਅਤੇ ਸ਼ਾਇਰਾਂ ਵਿੱਚ ਬੀਬਾ ਬਲਵੰਤ, ਡਾ. ਰਵਿੰਦਰ, ਅਵਤਾਰ ਸਿੱਧੂ, ਜਸਵੰਤ ਹੰਸ, ਸੁਲਤਾਨ ਭਾਰਤੀ, ਅਜੀਤ ਕੰਵਲ, ਵਿਜੇ ਅਗਨੀਹੋਤਰੀ, ਰਾਜ ਗੁਰਦਾਸਪੁਰੀ ਅਤੇ ਬਿਸ਼ਨ ਦਾਸ ਨੇ ਆਪਣੀਆਂ ਰਚਨਾਵਾਂ ਰਾਹੀਂ ਦਰਸ਼ਕਾਂ ਨੂੰ ਭਾਵਨਾਵਾਂ ਦੇ ਸਮੁੰਦਰ ਵਿੱਚ ਡੁਬੋ ਦਿੱਤਾ। ਹਰ ਸ਼ਾਇਰੀ ਅਤੇ ਗ਼ਜ਼ਲ ਨੂੰ ਦਰਸ਼ਕਾਂ ਵੱਲੋਂ ਭਰਪੂਰ ਤਾਲੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਕੀਤੀ ਗਈ ਅਤੇ ਪੂਰਾ ਮਾਹੌਲ ਸ਼ਾਇਰੀ ਦੀ ਰੂਹਾਨੀ ਮਹਿਕ ਨਾਲ ਭਰਪੂਰ ਰਿਹਾ। ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਲਗਵਾ ਕੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ। ਅੰਤ ਵਿੱਚ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਦੀ ਸਫਲਤਾ ਲਈ ਆਯੋਜਕ ਟੀਮ ਦੀ ਸਰਾਹਨਾ ਕੀਤੀ ਗਈ। ਇਹ ‘ਸ਼ਾਮ-ਏ-ਗ਼ਜ਼ਲ ਅਤੇ ਮੁਸ਼ਾਇਰਾ’ ਸੱਚਮੁੱਚ ਇੱਕ ਯਾਦਗਾਰ ਅਤੇ ਇਤਿਹਾਸਿਕ ਸ਼ਾਮ ਵਜੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ।