ਸਰਕਾਰੀ ਕਾਲਜ ਦੇ 34 ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ ਸਹਾਇਤਾ
ਸਰਕਾਰੀ ਕਾਲਜ ਦੇ 34 ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ ਸਹਾਇਤਾ
Publish Date: Sat, 07 Mar 2026 03:35 PM (IST)
Updated Date: Sun, 08 Mar 2026 04:00 AM (IST)

ਜੀਆਰਪੀ- ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਦਿੰਦੇ ਹੋਏ ਕਾਲਜ ਪ੍ਰਿੰਸੀਪਲ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਇੱਕ ਪ੍ਰੇਰਣਾਦਾਇਕ ਪਹਿਲ ਕੀਤੀ ਗਈ। ਸਰਕਾਰੀ ਕਾਲਜ ਰਿਟਾਇਰਡ ਟੀਚਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕਾਲਜ ਦੇ 34 ਲੋੜਵੰਦ ਵਿਦਿਆਰਥੀਆਂ ਨੂੰ ਕੁੱਲ 85 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਸ਼ਵਨੀ ਕੁਮਾਰ ਭੱਲਾ ਦੀ ਹਾਜਰੀ ਵਿੱਚ ਵੰਡੇ ਗਏ। ਹਰ ਵਿਦਿਆਰਥੀ ਨੂੰ 2500 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਲੜਕੀਆਂ ਦੀ ਹੈ। ਇਹ ਪਹਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਅਸ਼ਵਨੀ ਕੁਮਾਰ ਭੱਲਾ ਨੇ ਦੱਸਿਆ ਕਿ ਸਾਲ 2026-27 ਤੋਂ ਕਾਲਜ ਦੇ ਕੁਝ ਐੱਨਆਰਆਈ ਐਲੂਮਨੀ ਵੱਲੋਂ ਵੀ ਨਵੀਆਂ ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐੱਨਆਰਆਈ ਅਧਾਰਤ ਸੰਸਥਾ “ਧੀਆਂ ਪੁਕਾਰਦੀਆਂ” ਵੱਲੋਂ ਵੀ ਜਲਦੀ ਕੁਝ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਪ੍ਰਿੰਸੀਪਲ ਭੱਲਾ ਨੇ ਗੁਰਦਾਸਪੁਰ ਸ਼ਹਿਰ ਦੇ ਸਮਾਜਸੇਵੀ ਲੋਕਾਂ, ਪੁਰਾਣੇ ਵਿਦਿਆਰਥੀਆਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਡੇਰਿਆਂ ਦੀ ਯਾਦ ਵਿੱਚ ਸਕਾਲਰਸ਼ਿਪਾਂ ਦੀ ਸ਼ੁਰੂਆਤ ਕਰਨ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਪਰ ਮੇਹਨਤੀ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਹੋ ਸਕਣ।