ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦਫਤਰ ਅੱਗੇ ਲਗਾਇਆ ਧਰਨਾ
ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦਫਤਰ ਅੱਗੇ ਲਗਾਇਆ ਧਰਨਾ
Publish Date: Mon, 23 Mar 2026 06:50 PM (IST)
Updated Date: Mon, 23 Mar 2026 06:52 PM (IST)

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸੋਮਵਾਰ ਨੂੰ ਬਟਾਲਾ ਨਗਰ ਨਿਗਮ ਦਫਤਰ ’ਚ ਛੁੱਟੀ ਹੋਣ ਦੇ ਬਾਵਜੂਦ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਦਫਤਰ ਅੱਗੇ ਧਰਨਾ ਦਿੱਤਾ ਅਤੇ ਸ਼ਹਿਰ ’ਚ ਸਫਾਈ ਦਾ ਕੰਮ ਠੱਪ ਰੱਖਿਆ। ਉਧਰ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਫਾਈ ਕਰਮਚਾਰੀ ਯੂਨੀਅਨ ਨੂੰ ਉਹਨਾਂ ਦੀ ਮੰਗਾਂ ਦਾ ਹਰ ਸੰਭਵ ਹੱਲ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਧਰਨਾ ਖਤਮ ਕੀਤਾ ਅਤੇ ਸ਼ਹਿਰ ਅੰਦਰ ਸਫਾਈ ਦਾ ਕੰਮ ਸ਼ੁਰੂ ਕੀਤਾ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਦੱਸਿਆ ਕਿ ਨਗਰ ਨਿਗਮ ਦਫ਼ਤਰ ਚ ਠੇਕੇ ਤੇ ਸਫਾਈ ਕਰਮਚਾਰੀ ਜੋ ਕੰਮ ਕਰਦੇ ਹਨ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਠੇਕਾ ਮੁਲਾਜ਼ਮਾਂ ਦੇ ਹੱਕ ਚ ਨਗਰ ਨਿਗਮ ਹਾਊਸ ਵੱਲੋਂ ਪਾਏ ਮਤੇ ਨੂੰ ਅਫਸਰ ਸ਼ਾਹੀ ਲਾਗੂ ਕਰਾਉਣ ਤੋਂ ਆਨਾਕਾਨੀ ਕਰ ਰਹੀ ਹੈ। ਉਹਨਾਂ ਦੱਸਿਆ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ’ਚ ਸਫਾਈ ਦਾ ਕੰਮ ਸਮੇਂ ਸਿਰ ਹੋਣ ਦੇ ਬਾਵਜੂਦ ਵੀ ਕੁਝ ਲੋਕ ਸਫਾਈ ਕਰਮਚਾਰੀਆਂ ਨੂੰ ਸਫਾਈ ਨਾ ਹੋਣ ਦੇ ਨਾਂ ’ਤੇ ਭੰਡਦੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਸਫਾਈ ਕਰਮਚਾਰੀਆਂ ਦੀ ਮੰਗਾਂ ਦਾ ਹੱਲ ਨਹੀਂ ਆਉਂਦਾ ਉਹ ਹੜਤਾਲ ਜਾਰੀ ਰੱਖਣਗੇ। ਉਧਰ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਵਿਧਾਇਕ ਸ਼ੈਰੀ ਕਲਸੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਦਾ ਹਰ ਸੰਭਵ ਹੱਲ ਹੋਵੇਗਾ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਆ ਰਿਹਾ ਤੇ ਸੰਗਤ ਰਾਮ ਨੌਮੀ ਦੇ ਤਿਉਹਾਰ ਨੂੰ ਮਨਾਉਣ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਲਈ ਸੰਗਤ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੇ ਨਾਲ ਹੈ। ਵਿਧਾਇਕ ਸ਼ੈਰੀ ਕਲਸੀ ਦੇ ਭਰੋਸੇ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਧਰਨਾ ਖਤਮ ਕੀਤਾ ਅਤੇ ਸਫਾਈ ਦਾ ਕੰਮ ਸ਼ੁਰੂ ਕੀਤਾ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ, ਮਾਸਟਰ ਤਿਲਕ ਰਾਜ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ।