- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਮਨ ਖੁੱਲਰ ਦੇ ਪਿਤਾ ਪਵਨ ਖੁੱਲਰ ਨੇ ਦੱਸਿਆ ਕਿ ਉਸਦਾ ਬੇਟਾ ਕਰੀਬ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਨੇ ਕੰਮ ਬਦਲ ਕੇ ਇਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰਨਾ ਸ਼ੁਰੂ ਕੀਤਾ ਸੀ। ਪਵਨ ਖੁੱਲਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ 10 ਜਨਵਰੀ ਦੀ ਰਾਤ ਉਸਦੇ ਬੇਟੇ ਦਾ ਫੋਨ ਆਇਆ ਸੀ।

ਸ਼ਾਮ ਸਿੰਘ ਘੁੰਮਣ, ਪੰਜਾਬੀ ਜਾਗਰਣ, ਦੀਨਾਨਗਰ: ਦੀਨਾਨਗਰ ਸ਼ਹਿਰ ਦੇ ਰਹਿਣ ਵਾਲੇ 27 ਵਰ੍ਹਿਆਂ ਦੇ ਨਮਨ ਖੁੱਲਰ ਨਾਂ ਦੇ ਇਕ ਨੌਜਵਾਨ ਦੀ ਇੰਗਲੈਡ ਵਿਖੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਨਮਨ ਖੁੱਲਰ ਕਰੀਬ ਪੰਜ ਸਾਲ ਪਹਿਲਾਂ ਵਰਕ ਵੀਜੇ ਉੱਪਰ ਇੰਗਲੈਂਡ ਗਿਆ ਸੀ, ਜਿੱਥੇ ਉਹ ਇਸ ਵੇਲੇ ਬਰਮਿੰਘਮ ਸ਼ਹਿਰ ਵਿਖੇ ਇਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰ ਰਿਹਾ ਸੀ ਅਤੇ ਉਕਤ ਪਾਕਿਸਤਾਨੀ ਮਹਿਲਾ ਦੇ ਟਿਕਾਣੇ ਉੱਪਰ ਹੀ ਨਮਨ ਖੁੱਲਰ 11 ਜਨਵਰੀ ਦੀ ਰਾਤ ਮ੍ਰਿਤਕ ਪਾਏ ਜਾਣ ਦੇ ਸੂਚਨਾ ਹੈ।
ਨਮਨ ਖੁੱਲਰ ਦੇ ਪਿਤਾ ਪਵਨ ਖੁੱਲਰ ਨੇ ਦੱਸਿਆ ਕਿ ਉਸਦਾ ਬੇਟਾ ਕਰੀਬ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਨੇ ਕੰਮ ਬਦਲ ਕੇ ਇਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰਨਾ ਸ਼ੁਰੂ ਕੀਤਾ ਸੀ। ਪਵਨ ਖੁੱਲਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ 10 ਜਨਵਰੀ ਦੀ ਰਾਤ ਉਸਦੇ ਬੇਟੇ ਦਾ ਫੋਨ ਆਇਆ ਸੀ। ਜਿੱਥੇ ਉਸਨੇ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਹ ਬਿਲਕੁੱਲ ਠੀਕ ਠਾਕ ਸੀ, ਪਰ 11 ਜਨਵਰੀ ਦੀ ਰਾਤ 9 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਇਆ ਕਿ ਨਮਨ ਖੁੱਲਰ ਅਪਣੇ ਕਮਰੇ ਅੰਦਰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਹੈ। ਹਾਲਾਂਕਿ ਉਸਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਇਕ ਆਮ ਪਰਿਵਾਰ ਨਾਲ ਸਬੰਧਤ ਪਵਨ ਖੁੱਲਰ ਨੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਨੂੰ ਪੱਤਰ ਲਿਖ ਕੇ ਉਸਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਮਨੁੱਖੀ ਅਧਿਕਾਰ ਕਾਰਕੁੰਨ ਨੇ ਵਿਦੇਸ਼ ਮੰਤਰੀ ਕੋਲੋਂ ਜਾਂਚ ਅਤੇ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਕੀਤੀ ਮੰਗ
ਮਨੁੱਖੀ ਅਧਿਕਾਰ ਕਾਰਕੁੰਨ ਸੁਨੀਲ ਦੱਤ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਕ ਪੱਤਰ ਲਿਖ ਕੇ ਨਮਨ ਖੁੱਲਰ ਦੀ ਇੰਗਲੈਡ ਵਿਖੇ ਹੋਈ ਅਚਾਨਕ ਮੌਤ ਦੀ ਜਾਂਚ ਕਰਵਾਉਣ ਅਤੇ ਮ੍ਰਿਤਕ ਦੇਹ ਨਾਲ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਸੁਨੀਲ ਦੱਤ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਕ ਮਿਹਨਤੀ ਆਮ ਪਰਿਵਾਰ ਨਾਲ ਸਬੰਧਤ ਨਮਨ ਖੁੱਲਰ ਦੀ ਅਚਾਨਕ ਮੌਤ ਪਰਿਵਾਰਕ ਮੈਂਬਰਾਂ ਲਈ ਵੱਡਾ ਸਦਮਾ ਹੈ। ਨਮਨ ਦੀ ਮੌਤ ਦੀ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਯਕੀਨੀ ਬਣਾਈ ਜਾਵੇ ਅਤੇ ਮਾਨਵੀ ਅਧਾਰ ਤੇ ਜਰੂਰੀ ਕਾਨੂੰਨੀ ਅਤੇ ਡਿਪਲੋਮੈਟਿਕ ਕਦਮ ਚੁੱਕ ਕੇ ਨਮਨ ਦੀ ਮ੍ਰਿਤਕ ਦੇਹ ਨੂੰ ਉਸਦੇ ਘਰ ਜਲਦੀ ਤੋਂ ਜਲਦੀ ਭੇਜਣ ਦਾ ਇੰਤਜਾਮ ਕੀਤਾ ਜਾਵੇ।
ਘਰ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ, ਮਿਲੀ ਮੌਤ ਦੀ ਖ਼ਬਰ
ਪੰਜ ਸਾਲ ਪਹਿਲਾਂ ਰੁਜਗਾਰ ਖਾਤਰ ਇੰਗਲੈਂਡ ਗਏ ਨਮਨ ਖੁੱਲਰ ਦੇ ਪਿਤਾ ਪਵਨ ਖੁੱਲਰ ਨੇ ਦੱਸਿਆ ਕਿ ਨਮਨ ਤੋਂ ਪਰਿਵਾਰ ਨੂੰ ਬਹੁਤ ਉਮੀਦਾਂ ਸਨ। ਇਸਦੇ ਦੋ ਬੇਟੇ ਮੋਬਾਈਲ ਦੀ ਦੁਕਾਨ ਚਲਾਉਂਦੇ ਹਨ ਅਤੇ ਨਮਨ ਦੇ ਵਿਦੇਸ਼ ਚ ਸੈਟਲ ਹੋਣ ਮਗਰੋਂ ਹੁਣ ਅਗਲੇ ਮਹੀਨੇ 10 ਫਰਵਰੀ ਨੂੰ ਨਮਨ ਦੇ ਵਿਆਹ ਦੀ ਤਰੀਕ ਨਿਸ਼ਚਿਤ ਕੀਤੀ ਹੋਈ ਸੀ। ਜਿਸ ਕਾਰਨ ਘਰ ਅੰਦਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਹਨਾਂ ਦੱਸਿਆ ਕਿ ਉਸਨੇ ਅਪਣੇ ਬੇਟੇ ਨੂੰ ਜਲਦੀ ਘਰ ਆਉਣ ਲਈ ਕਿਹਾ ਸੀ ਪਰ ਉਸਦੇ ਬੇਟੇ ਨੇ ਕਿਹਾ ਕਿ ਉਹ ਕੁਝ ਹੀ ਦਿਨਾਂ ਚ ਆ ਰਿਹਾ ਹੈ ਪਰ ਹੁਣ ਅਚਾਨਕ ਉਸਦੀ ਮੌਤ ਦੀ ਖਬਰ ਨੇ ਪਰਿਵਾਰ ਦਾ ਲੱਕ ਤੋੜ ਦਿੱਤਾ ਹੈ।