‘ਆਪ’ ਸਰਕਾਰ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਹੋਇਆ : ਰੰਧਾਵਾ
‘ਆਪ’ ਸਰਕਾਰ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਹੋਇਆ : ਰੰਧਾਵਾ
Publish Date: Sun, 22 Mar 2026 05:25 PM (IST)
Updated Date: Sun, 22 Mar 2026 05:28 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਐਤਵਾਰ ਨੂੰ ਪਿੰਡ ਅਰਲੀਭੰਨ ਵਿਖੇ ਗੁਰਪ੍ਰੀਤ ਸਿੰਘ ਭੱਟੀ ਦੇ ਪਿਤਾ ਕੁਲਦੀਪ ਸਿੰਘ ਭੱਟੀ ਦਾ ਹਾਲ ਜਾਣਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਰਿਕਾਰਡ ਤੋੜ ਵਿਕਾਸ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਦਾ ਰਾਜ ਮਿਲਿਆ ਸੀ, ਪਰ ਪੰਜਾਬ ਵਿਚ ਨਵੀਂ ਤਬਦੀਲੀ ਲਿਆਉਣ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਪਿੰਡਾਂ ਤੇ ਸ਼ਹਿਰਾਂ ਵਿਚ ਕੋਈ ਵਿਕਾਸ ਨਹੀਂ ਹੋਇਆ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੀਡਰਾਂ ਦੇ ਧਮਕਾਉਣ ਨਾਲ ਇਮਾਨਦਾਰ ਅਫਸਰ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਤੇ ਗੈਂਗਸਟਰਾਂ ਦਾ ਬੋਲਬਾਲਾ ਹੈ ਤੇ ਪੰਜਾਬ ਵਿਚ ਕੋਈ ਵੀ ਮਹਫੂਜ਼ ਨਹੀਂ ਹੈ। ਇਸ ਮੌਕੇ ਜਸਵਿੰਦਰ ਸਿੰਘ ਢਿੱਲੋਂ ਨੈਸ਼ਨਲ ਐਵਾਰਡੀ, ਰਣਜੀਤ ਸਿੰਘ ਢਿੱਲੋਂ ਸਰਪੰਚ ਅਰਲੀਭੰਨ, ਸਾਬਕਾ ਚੇਅਰਮੈਨ ਡੈਨੀਅਲ ਮਸੀਹ ਖੁਸ਼ੀਪੁਰ, ਗੁਰਮੇਜ ਸਿੰਘ ਸੇਵਾ ਮੁਕਤ ਇੰਸਪੈਕਟਰ ਖੇਤੀਬਾੜੀ ਵਿਭਾਗ, ਪ੍ਰਿੰਸ ਕਾਹਲੋਂ, ਠੇਕੇਦਾਰ ਨਿਰਮਲ ਸਿੰਘ ਬੱਬੂ, ਲਾਡਾ ਢਿੱਲੋਂ, ਇੰਦਰਜੀਤ ਸਿੰਘ ਸਰਪੰਚ ਸ਼ਾਹਪੁਰ ਅਮਰਗੜ੍ਹ, ਚਮਨ ਮਸੀਹ, ਉਕਾਰ ਸਿੰਘ, ਸੰਦੀਪ ਚੰਚਲ ਆਦਿ ਹਾਜ਼ਰ ਸਨ।