ਗਾਂਧੀ ਚੌਕ ’ਚ ਔਰਤ ਦੀ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
ਔਰਤ ਦੀ ਲਾਸ਼ ਗਾਂਧੀ ਚੌਂਕ ਰੱਖ ਕੇ ਕੀਤਾ ਪ੍ਰਦਰਸ਼ਨ
Publish Date: Fri, 09 Jan 2026 06:42 PM (IST)
Updated Date: Sat, 10 Jan 2026 04:06 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਜਣੇਪਾ ਹੋਣ ਮਗਰੋਂ ਅਚਾਨਕ ਔਰਤ ਦੀ ਹਾਲਤ ਵਿਗੜ ਗਈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਬਟਾਲਾ ਦੇ ਗਾਂਧੀ ਚੌਕ ’ਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (32) ਪਤਨੀ ਸਾਗਰ ਵਾਸੀ ਕਾਹਲਵਾਂ ਕਾਦੀਆਂ ਵਜੋਂ ਹੋਈ। ਮ੍ਰਿਤਕਾ ਦੇ ਪਤੀ ਸਾਗਰ ਨੇ ਦੋਸ਼ ਲਾਇਆ ਕਿ 1 ਜਨਵਰੀ ਨੂੰ ਜਣੇਪੇ ਲਈ ਉਸ ਨੇ ਆਪਣੀ ਪਤਨੀ ਸਰਬਜੀਤ ਨੂੰ ਕਾਦੀਆਂ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਸੀ ਅਤੇ ਜਦ ਜਣੇਪੇ ਦਾ ਆਪ੍ਰੇਸ਼ਨ ਹੋ ਰਿਹਾ ਸੀ ਤਾਂ ਅਚਾਨਕ ਲਾਈਟ ਬੰਦ ਹੋ ਗਈ ਤੇ ਡਾਕਟਰ ਨੇ ਮੋਬਾਈਲ ਫੋਨ ਦੀ ਲਾਈਟ ਜਗਾ ਕੇ ਆਪ੍ਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਤੇ ਡਾਕਟਰ ਨੇ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਪਰ ਜਲੰਧਰ ਹਸਪਤਾਲ ਦੇ ਡਾਕਟਰਾਂ ਨੇ ਅੰਮ੍ਰਿਤਸਰ ਭੇਜ ਦਿੱਤਾ। ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦੀ ਹਾਲਤ ਦਿਨੋ-ਦਿਨ ਵਿਗੜ ਗਈ ਤੇ ਅੱਠਵੇਂ ਦਿਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਗ਼ਲਤੀ ਨਾਲ ਉਸ ਦੀ ਪਤਨੀ ਦੀ ਮੌਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਕਾਦੀਆਂ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵਿਰੁੱਧ ਕਾਰਵਾਈ ਕੀਤੀ ਜਾਵੇ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕਰੀਬ ਦੋ ਘੰਟੇ ਗਾਂਧੀ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ।
ਉਧਰ, ਐੱਸਡੀਐੱਮ ਗੁਰਮੰਦਰ ਸਿੰਘ ਤੇ ਐੱਸਪੀ ਸੰਜੀਵ ਵਡੇਰਾ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਪੋਰਟ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕਿਆ।