ਔਰਤ ਦੀ ਲਾਸ਼ ਗਾਂਧੀ ਚੌਂਕ ਰੱਖ ਕੇ ਕੀਤਾ ਪ੍ਰਦਰਸ਼ਨ
ਔਰਤ ਦੀ ਲਾਸ਼ ਗਾਂਧੀ ਚੌਂਕ ਰੱਖ ਕੇ ਕੀਤਾ ਪ੍ਰਦਰਸ਼ਨ
Publish Date: Fri, 09 Jan 2026 05:47 PM (IST)
Updated Date: Fri, 09 Jan 2026 05:51 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਇਕ ਔਰਤ ਦਾ ਜਣੇਪਾ ਹੋਣ ਤੋਂ ਬਾਅਦ ਅਚਾਨਕ ਹਾਲਤ ਵਿਗੜ ਗਈ ਅਤੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਬਟਾਲਾ ਦੇ ਗਾਂਧੀ ਚੌਂਕ ਵਿੱਚ ਰੱਖ ਰੋਸ ਪ੍ਰਦਰਸ਼ਨ ਕੀਤਾ ਹੈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (32) ਪਤਨੀ ਸਾਗਰ ਵਾਸੀ ਕਾਹਲਵਾਂ ਕਾਦੀਆਂ ਵਜੋਂ ਹੋਈ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਕਥਿਤ ਦੋਸ਼ ਲਗਾਇਆ ਹੈ ਕਿ ਜਣੇਪਾ ਦੇ ਆਪਰੇਸ਼ਨ ਦੌਰਾਨ ਅਚਾਨਕ ਲਾਈਟ ਚਲੀ ਗਈ ਸੀ ਤੇ ਡਾਕਟਰਾਂ ਨੇ ਮੋਬਾਈਲ ਦੀ ਲਾਈਟ ਜਗਾ ਕੇ ਆਪਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀ। ਮ੍ਰਿਤਕਾ ਦੇ ਪਤੀ ਸਾਗਰ ਨੇ ਦੋਸ਼ ਲਗਾਇਆ ਕਿ 1 ਜਨਵਰੀ ਨੂੰ ਜਣੇਪੇ ਲਈ ਉਸਨੇ ਆਪਣੀ ਪਤਨੀ ਸਰਬਜੀਤ ਨੂੰ ਕਾਦੀਆਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਸੀ ਅਤੇ ਜਦ ਜਣੇਪਾ ਦਾ ਅਪ੍ਰੇਸ਼ਨ ਹੋ ਰਿਹਾ ਸੀ ਤਾਂ ਅਚਾਨਕ ਲਾਈਟ ਬੰਦ ਹੋ ਗਈ ਅਤੇ ਡਾਕਟਰ ਨੇ ਮੋਬਾਇਲ ਦੀ ਲਾਈਟ ਜਗਾ ਕੇ ਅਪਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸਦੀ ਪਤਨੀ ਦੀ ਹਾਲਤ ਵਿਗੜ ਗਈ ਅਤੇ ਡਾਕਟਰ ਨੇ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ, ਪਰ ਜਲੰਧਰ ਦੇ ਹਸਪਤਾਲ ਦੇ ਡਾਕਟਰਾਂ ਨੇ ਅੰਮ੍ਰਿਤਸਰ ਭੇਜ ਦਿੱਤਾ। ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਦੀ ਹਾਲਤ ਦਿਨੋ ਦਿਨ ਵਿਗੜ ਗਈ ਅਤੇ ਅੱਠਵੇਂ ਦਿਨ ਬੀਤੀ ਰਾਤ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਡਾਕਟਰਾਂ ਦੀ ਗਲਤੀ ਨਾਲ ਉਸਦੀ ਪਤਨੀ ਦੀ ਮੌਤ ਹੋਈ ਹੈ। ਉਹਨਾਂ ਮੰਗ ਕੀਤੀ ਕਿ ਕਾਦੀਆਂ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵਿਰੁੱਧ ਕਾਰਵਾਈ ਕੀਤੀ ਜਾਵੇ। ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਕਰੀਬ ਦੋ ਘੰਟੇ ਗਾਂਧੀ ਚੌਂਕ ’ਚ ਰੋਸ ਪ੍ਰਦਰਸ਼ਨ ਕੀਤਾ। ਉਧਰ ਐੱਸਡੀਐੱਮ ਗੁਰਮੰਦਰ ਸਿੰਘ ਅਤੇ ਐੱਸਪੀ ਸੰਜੀਵ ਵਡੇਰਾ ਨੇ ਮ੍ਰਿਤਕ ਕੌਰ ਦੇ ਪਰਿਵਾਰਿਕਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਪੋਰਟ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਧਰਨਾ ਚੁੱਕਿਆ।