ਉਸਾਰੀ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਉਸਾਰੀ ਵਰਕਰ ਲੇਬ
Publish Date: Sat, 03 Jan 2026 05:25 PM (IST)
Updated Date: Sun, 04 Jan 2026 04:08 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ: ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਸੂਬਾ ਕਮੇਟੀ ਦੇ ਸੱਦੇ |ਤੇ ਉਸਾਰੀ ਵਰਕਰਾਂ ਵਲੋਂ ਫ਼ਤਿਹਪੁਰ ਨਰੋਟ ਜੈਮਲ ਸਿੰਘ ਵਿਖੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ। ਇਫਟੂ ਵਰਕਰਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜਗਤਪੁਰ , ਕਾਮਰੇਡ ਮੁਖਤਿਆਰ ਸਿੰਘ ਮਾਨਸਿੰਘ ਪੁਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ। ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਬੁਨਿਆਦੀ ਅਧਿਕਾਰ ਖੋਹ ਲੈਂਦੇ ਹਨ। ਇਹ ਅਧਿਕਾਰ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਨਵੇਂ ਕਿਰਤ ਕਾਨੂੰਨ ਮਜ਼ਦੂਰ ਜਮਾਤ ਕੋਲੋਂ ਉਨ੍ਹਾਂ ਦਾ ਯੂਨੀਅਨ ਬਣਾਉਣ ਦਾ ਅਧਿਕਾਰ, ਹੜਤਾਲ ਕਾਰਨ ਦਾ ਅਧਿਕਾਰ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਨੂੰ ਖਤਮ ਕਰਦੇ ਹਨ, ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਮਜ਼ਦੂਰਾਂ ਦੀ ਸੁੱਰਖਿਆ ਪ੍ਰਤੀ ਮਾਲਕਾਂ ਦੀ ਜਵਾਬਦੇਹੀ ਨੂੰ ਖ਼ਤਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਡ ਸਕੀਮ ਵਰਕਰਾਂ, ਗ਼ਿਗ ਵਰਕਰਾਂ,ਕੱਚੇ ਵਰਕਰਾਂ, ਆਊਟਸੋਰਸ ਵਰਕਰਾਂ ਦੇ ਹਿੱਤਾਂ ਉੱਤੇ ਵੀ ਘਾਤਕ ਹਮਲਾ ਹਨ, ਜਿਨ੍ਹਾਂ ਦਾ ਸਭ ਸੰਘਰਸ਼ਸ਼ੀਲ ਲੋਕਾਂ ਵੱਲੋਂ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਇਫਟੂ ਆਗੂਆਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਉੱਤੇ ਕਾਬਜ਼ ਨਹੀਂ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਧਰਨਿਆਂ ਦੀ ਹਮਾਇਤ ਕੀਤੀ ਸੀ ਅਤੇ ਮੌਜੂਦਾ ਰਾਜ ਦੇ ਵਿੱਤ ਮੰਤਰੀ ਨੇ ਖੁਦ ਵੀ ਇਨ੍ਹਾਂ ਧਰਨਿਆਂ ਵਿੱਚ ਹਿੱਸਾ ਲਿਆ ਸੀ। ਪਰ ਅੱਜ ਇਹੀ ਸਰਕਾਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦੀ ਗੈਰਕਾਨੂੰਨੀ ਗਿਰਫ਼ਤਾਰੀ ’ਤੇ ਉਤਰ ਆਈ ਹੈ। ਇਸ ਮੌਕੇ ਗੁਰਮੀਤ ਸਿੰਘ, ਜੋਨੀ ਫੂਲਪੁਰੀ, ਦਰਸ਼ਨ ਪਾਲ, ਮਨੋਜ ਕੁਮਾਰ, ਗੁਰਬਚਨ ਸਿੰਘ, ਮਿੱਠੂ, ਚੰਨਣ ਪਾਲ ਤਾਰਾਗੜ੍ਹ ਆਦਿ ਹਾਜ਼ਰ ਸਨ।