ਮਲੌਦ ਦੀ ਗ੍ਰਿਫ਼ਤਾਰੀ ਖ਼ਿਲਾਫ ਕੱਢਿਆ ਮੋਟਰਸਾਈਕਲ ਮਾਰਚ
--
ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ
Publish Date: Sat, 03 Jan 2026 04:29 PM (IST)
Updated Date: Sun, 04 Jan 2026 04:05 AM (IST)
ਬਿਜਲੀ ਸੋਧ ਬਿੱਲ,ਨਰੇਗਾ ਕਨੂੰਨ ਨੂੰ ਬਦਲਣ ਦੇ ਨਾਲ-ਨਾਲ ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆੰ
-ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਰਾਜ ਪੱਧਰੀ ਲੇਬਰ ਕੋਡ ਵਿਰੋਧ ਮੁਹਿੰਮ ਤਹਿਤ ਅੱਜ ਗੁਰਦਾਸਪੁਰ ਸ਼ਹਿਰ ਵਿਚ ਮੋਟਰ ਸਾਇਕਲ ਮਾਰਚ ਕੱਢਿਆ ਗਿਆ। ਇਹ ਮਾਰਚ ਇਫਟੂ ਦਫ਼ਤਰ ਬਹਿਰਾਮਪੁਰ ਰੋਡ ਗੁਰਦਾਸਪੁਰ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਸ਼ਹੀਦ ਨਵਦੀਪ ਸਿੰਘ ਸ਼ੇਖਰ ਚੌਂਕ ਤੋਂ ਹੁੰਦੇ ਹੋਏ ਗੀਤਾ ਭਵਨ ਰੋਡ, ਹਨੂੰਮਾਨ ਚੌਕ, ਜਹਾਜ ਚੌਕ,ਪੁਰਾਣਾ ਬੱਸ ਸਟੈਂਡ ਅਤੇ ਡਾਕਖਾਨਾ ਚੌਕ ਤੱਕ ਕੀਤਾ ਗਿਆ। ਇਸ ਮੌਕੇ ਹਨੂੰਮਾਨ ਚੌਕ ਵਿੱਚ ਰੈਲੀ ਕਰਕੇ ਲੋਕਾਂ ਨੂੰ ਲੇਬਰ ਕੋਡਾਂ ਬਾਰੇ ਚੇਤੰਨ ਕੀਤਾ ਗਿਆ। ਪੁਰਾਣੇ ਬੱਸ ਸਟੈਂਡ ਵਿੱਚ ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਫਟੂ ਆਗੂਆਂ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫ਼ਤਾਰ ਕਰਨ ਅਤੇ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਲਈ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਗਈ। ਉਨ੍ਹਾਂ ਮੁਕੇਸ਼ ਮਲੌਦ ਨੂੰ ਜਲਦ ਰਿਹਾਅ ਕਰਨ ਅਤੇ ਪੱਤਰਕਾਰਾਂ ਤੇ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕੇਂਦਰ ਸਰਕਾਰ ਵੱਲੋਂ 21 ਨਵੰਬਰ 2025 ਤੋਂ ਲਾਗੂ ਕੀਤੇ ਕਿਰਤ ਕੋਡ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਲੇਬਰ ਕੋਡ ਯੂਨੀਅਨ ਬਣਾਉਣ, ਹੜਤਾਲ ਦੇ ਅਧਿਕਾਰਾਂ, ਰੁਜ਼ਗਾਰ ਦੀ ਸੁਰੱਖਿਆ ਸਬੰਧੀ ਕਾਨੂੰਨੀ ਜਵਾਬਦੇਹੀ ਨੂੰ ਕਮਜ਼ੋਰ ਕਰਦੇ ਹਨ। ਸਕੀਮ ਵਰਕਰਾਂ,ਗਿਗ ਵਰਕਰਾਂ, ਕੱਚੇ ਕਾਮੇ ਅਤੇ ਆਉਟ ਸੋਰਸ ਕਰਮਚਾਰੀਆਂ ਦੇ ਹਿਤਾਂ ਤੇ ਵੀ ਨਾਕਾਰਾਤਮਕ ਪ੍ਰਭਾਵ ਪਾਉਂਦੇ ਹਨ। ਆਗੂਆਂ ਮਨਰੇਗਾ ਕਾਨੂੰਨ ਨੂੰ ਬਦਲਣ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਅਲੋਚਨਾ ਵੀ ਕੀਤੀ। ਇਸ ਲਈ ਮਜ਼ਦੂਰ ਵਰਗ ਨੂੰ ਇਕਜੁੱਟ ਹੋ ਕੇ ਪੁਰਾਣੇ ਕਿਰਤ ਕਨੂੰਨ ਬਹਾਲ ਕਰਨ ਦੀ ਮੰਗ ਕਰਨੀ ਚਾਹੀਦੀ। ਇਸ ਮੌਕੇ ਜੋਤੀ ਲਾਲ, ਬੋਧਰਾਜ, ਸੰਦੀਪ ਹੱਲਾ, ਮਹਿੰਗਾ ਰਾਮ, ਸੰਪੂਰਨ ਚੰਦ,ਓਮ ਪ੍ਰਕਾਸ਼, ਸਤਪਾਲ, ਜਤਿੰਦਰ ਸਿੰਘ ਅਤੇ ਰਾਹੁਲ ਜੋਸ਼ੀ ਆਦਿ ਮੌਜੂਦ ਸਨ।