ਪੋਲੀਥੀਨ ਦੇ ਲਿਫ਼ਾਫ਼ਿਆਂ ਨਾਲ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ
ਪੋਲੀਥੀਨ ਦੇ ਲਿਫ਼ਾਫ਼ਿਆਂ ਨਾਲ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ
Publish Date: Sat, 24 Jan 2026 04:37 PM (IST)
Updated Date: Sun, 25 Jan 2026 04:04 AM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ
ਕਲਾਨੌਰ: ਪਿੰਡ ਖੁਸ਼ੀਪੁਰ ਵਿਖੇ ਪੋਲੀਥੀਨ ਦੇ ਲਿਫ਼ਾਫ਼ਿਆਂ ਨਾਲ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਤੇ ਗ੍ਰਾਮ ਪੰਚਾਇਤ ਖੁਸ਼ੀਪੁਰ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਵੱਲੋਂ ਗਲੀਆਂ ਨਾਲੀਆਂ ਵਿੱਚ ਪਏ ਲਿਫਾਫਿਆਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰਵਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਪ੍ਰੀਤ ਸਿੰਘ ਹੈਪੀ, ਅਮਰਜੀਤ ਸਿੰਘ, ਕਾਲਾ ਮਸੀਹ ਆਦਿ ਨੇ ਦੱਸਿਆ ਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਹੋ ਰਹੀ ਬੇਸ਼ੁਮਾਰ ਵਰਤੋਂ ਦੌਰਾਨ ਲੋਕਾਂ ਵੱਲੋਂ ਲਿਫਾਫਿਆਂ ਨੂੰ ਖੁੱਲ੍ਹੇ ਵਿੱਚ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਇਹ ਲਿਫ਼ਾਫ਼ੇ ਗਲੀਆਂ ਨਾਲੀਆਂ ਵਿੱਚ ਪੈ ਜਾਣ ਕਾਰਨ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਮੌਕੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੋ ਗ੍ਰਾਮ ਪੰਚਾਇਤ ਖੁਸ਼ੀਪੁਰ ਦੀ ਸਰਪੰਚ ਹੈ, ਵੱਲੋਂ ਗਲੀਆਂ ਨਾਲੀਆਂ ਵਿੱਚ ਪਏ ਪੋਲੀਥੀਨ ਦੇ ਲਿਫ਼ਾਫ਼ਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਨਸ਼ਿਆਂ ਤੇ ਖਾਤਮੇ ਲਈ ਕੰਮ ਕਰ ਰਹੀ ਹੈ। ਉਸ ਤਰ੍ਹਾਂ ਹੀ ਪਾਬੰਦੀਸ਼ੁੱਧਾ ਪੋਲੀਥੀਨ ਲਿਫ਼ਾਫ਼ਿਆਂ ਦੀ ਰੋਕਥਾਮ ਤੇ ਵੀ ਸਖ਼ਤੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰ, ਰੇਹੜੀ ਵਾਲਿਆਂ ਆਦਿ ਵੱਲੋਂ ਪੋਲੀਥੀਨ ਦੇ ਲਿਫਾਫਿਆਂ ਵਿੱਚ ਪਾ ਕੇ ਸਾਜੋ ਸਾਮਾਨ ਵੇਚਿਆ ਜਾ ਰਿਹਾ ਹੈ ਅਤੇ ਇਹ ਲਿਫਾਫਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਲਿਫਾਫੇ ਗਲਣ ਨਾ ਕਰਕੇ ਵਾਤਾਵਰਨ ਅਤੇ ਉਪਜਾਊ ਮਿੱਟੀ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਲੀਆਂ ਨਾਲੀਆਂ ਵਿੱਚ ਖਾਲੀ ਲਿਫ਼ਾਫ਼ੇ ਨਾ ਸੁੱਟਣ ਕਿਉਂਕਿ ਅਜਿਹਾ ਕਰਨ ਨਾਲ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ।