ਚਾਈਨਾ ਡੋਰ ’ਚ ਫਸੇ ਕਬੂਤਰ ਨੂੰ ਕੱਢਿਆ ਬਾਹਰ
ਚਾਈਨਾ ਡੋਰ 'ਚ ਫਸੇ ਕਬੂਤਰ ਨੂੰ ਯੂਥ ਕਲੱਬ ਦੇ ਮੈਂਬਰਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਕੱਢਿਆ ਬਾਹਰ
Publish Date: Sat, 10 Jan 2026 04:25 PM (IST)
Updated Date: Sun, 11 Jan 2026 04:01 AM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ
ਦੋਰਾਂਗਲਾ: ਚਾਈਨਾ ਡੋਰ ਜਿਸ ਨੂੰ ਡ੍ਰੈਗਨ ਡੋਰ ਨਾਲ ਵੀ ਜਾਣਿਆ ਜਾਂਦਾ ਹੈ, ਇਹ ਜਿੱਥੇ ਮਨੁੱਖਾਂ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ, ਉਥੇ ਪਸ਼ੂ, ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਚਾਈਨਾ ਡੋਰ ਨੂੰ ਵੇਚਣ ਅਤੇ ਇਸਦੇ ਇਸਤੇਮਾਲ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਚਾਈਨਾ ਡੋਰ ਧੜੱਲੇ ਨਾਲ ਦੁਕਾਨਾਂ ਉਪਰ ਵਿਕ ਰਹੀ ਹੈ।
ਸਰਹੱਦੀ ਪਿੰਡ ਦਬੂੜੀ ਵਿਖੇ ਦਰੱਖ਼ਤ ’ਤੇ ਡੋਰਾਂ ਵਿੱਚ ਅਚਾਨਕ ਹੀ ਇਕ ਕਬੂਤਰ ਫਸ ਗਿਆ, ਜਿਸ ਨੂੰ ਪਿੰਡ ਹੀ ਦੇ ਯੂਥ ਕਲੱਬ ਦੇ ਮੈਂਬਰਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਉੱਥੋਂ ਕੱਢਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵ ਯੁਵਾ ਫਰੈਂਡਜ ਕਲੱਬ ਦੇ ਪ੍ਰਧਾਨ ਬੀਕੇ ਸ਼ਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਘਰਾਂ ਦੀ ਛੱਤ ਉਪਰ ਪਤੰਗ ਉਡਾ ਰਿਹੇ ਬੱਚਿਆਂ ਨੇ ਦੱਸਿਆ ਕਿ ਇੱਕ ਕਬੂਤਰ ਚਾਈਨਾ ਡੋਰਾਂ ਦੇ ਵਿੱਚ ਫਸਿਆ ਹੋਇਆ ਹੈ। ਮੌਕੇ ’ਤੇ ਪੁੱਜੇ ਯੂਥ ਕਲੱਬ ਦੇ ਮੈਂਬਰ ਵੱਲੋਂ ਕੜੀ ਮਸ਼ੱਕਤ ਤੋਂ ਬਾਅਦ ਦਰੱਖ਼ਤ ’ਤੇ ਡੋਰਾਂ ਵਿੱਚ ਫਸੇ ਕਬੂਤਰ ਨੂੰ ਬਾਹਰ ਕੱਢਿਆ। ਯੂਥ ਦੇ ਪ੍ਰਧਾਨ ਬੀਕੇ ਸ਼ਰਮਾ ਨੇ ਦੱਸਿਆ ਹੈ ਕਿ ਅੱਧੇ ਪੌਣੇ ਘੰਟੇ ਵਿਚ ਉਨ੍ਹਾਂ ਨੇ ਚਾਈਨਾ ਡੋਰ ਚ ਫੱਸੇ ਕਬੂਤਰ ਨੂੰ ਉਥੋਂ ਕੱਢਿਆ ਅਤੇ ਹੁਣ ਇਸ ਨੂੰ ਪਾਣੀ ਪਿਲਾ ਕੇ ਇਸ ਨੂੰ ਮੁੱਢਲੀ ਸਹਾਇਤਾ ਦੇ ਲਈ ਹਸਪਤਾਲ ਵਿਖੇ ਭਿਜਵਾਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਖ਼ਤਰਨਾਕ ਡੋਰ ਨੂੰ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।