ਤਾਰਾਗੜ੍ਹ ਬੇਗੋਵਾਲ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ
ਤਾਰਾਗੜ੍ਹ ਬੇਗੋਵਾਲ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ
Publish Date: Fri, 06 Feb 2026 05:52 PM (IST)
Updated Date: Sat, 07 Feb 2026 04:05 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ; ਭਾਰਤ ਨੂੰ ਆਜ਼ਾਦ ਹੋਏ ਲਗਭਗ 79 ਸਾਲ ਹੋ ਗਏ ਹਨ ਪਰ ਭੋਆ ਹਲਕੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਬੇਗੋਵਾਲ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇਹ ਕਸਬਾ ਇਲਾਕੇ ਦੇ ਲਗਭਗ 87 ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਪਿੰਡ ਦਾ ਬਾਜ਼ਾਰ ਤਕਰੀਬਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਕਸਬੇ ’ਚ ਕੋਈ ਵੀ ਬੱਸ ਸਟੈਂਡ ਨਹੀਂ ਬਣਾਇਆ। ਜਿਸ ਕਾਰਨ ਬਸ ਚਾਲਕਾਂ ਨੂੰ ਬੱਸਾਂ ਸੜਕ ਕੰਢੇ ਲਗਾ ਕੇ ਸਵਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਕਸਬੇ ਵਿੱਚ ਨਾ ਹੀ ਕੋਈ ਜਨਤਕ ਬਾਥਰੂਮ ਹੈ ਜਿਸ ਕਾਰਨ ਲੋਕਾਂ ਨੂੰ ਖਾਸ ਕਰਕੇ ਔਰਤਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਲਬਾਤ ਦੌਰਾਨ ਮਦਨ ਲਾਲ ਮੱਦੀ, ਠਾਕੁਰ ਸਰਬਜੀਤ ਸਿੰਘ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਜੈਲਦਾਰ ਸ਼ੇਰ ਸਿੰਘ, ਪਰਮਜੀਤ ਸਿੰਘ, ਗੁਰ ਸੇਵਕ ਸਿੰਘ, ਪੰਚਾਇਤ ਮੈਂਬਰ ਬਾਲ ਕ੍ਰਿਸ਼ਨ ਬੱਬੀ, ਹੈਪੀ ਸੈਣੀ ਆਦੀ ਨੇ ਦੱਸਿਆ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰਾਂ ਵਾਅਦੇ ਕਰਦੀਆਂ ਹਨ ਕਿ ਤਾਰਾਗੜ੍ਹ ਵਿੱਚ ਬਸ ਸਟੈਂਡ ਅਤੇ ਪਖਾਨਾ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇਗਾ ਪਰ ਜਦ ਸਰਕਾਰ ਬਣ ਜਾਂਦੀ ਹੈ ਤਾਂ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ। ਪਿੰਡ ਬੇਗੋਵਾਲ ਵਿੱਚ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ। ਸਰਕਾਰ ਨੇ ਪਾਣੀ ਦੀ ਟੈਂਕੀ ਤਾਂ ਲਗਵਾਈ ਹੋਈ ਹੈ ਪਰ ਉਸ ਵਿੱਚ ਪਾਣੀ ਨਹੀਂ ਆਉਂਦਾ। ਕਸਬਾ ਬੇਗੋਵਾਲ ਤਾਰਾਗੜ੍ਹ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮੇਨ ਕਸਬੇ ਵਿੱਚ ਬੱਚਿਆਂ ਦੇ ਖੇਡਣ ਲਈ ਕੋਈ ਵੀ ਸਟੇਡੀਅਮ ਨਹੀਂ ਹੈ ਜਿਸ ਕਾਰਨ ਨੌਜਵਾਨਾਂ ਵਿੱਚ ਸਰਕਾਰ ਖਿਲਾਫ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਤਾਰਾਗੜ੍ਹ ਬੇਗੋਵਾਲ ਵਿੱਚ ਨਾ ਹੀ ਕੋਈ ਸਬ ਤਹਿਸੀਲ ਹੈ ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਪਠਾਨਕੋਟ ਜਾਣਾ ਪੈਂਦਾ ਹੈ। ਇਸ ਮੌਕੇ ਸੋਨੂ ਠਾਕੁਰ, ਰਘਵੀਰ ਸਿੰਘ, ਬਿੰਦੂ ਬਾਲਾ, ਬਾਲ ਕ੍ਰਿਸ਼ਨ, ਬਲਵੀਰ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕੀ ਉਹਨਾਂ ਨੂੰ ਆਸ ਹੈ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਰਾਗੜ੍ਹ ਬੇਗੋਵਾਲ ਵਿੱਚ ਸਭ ਤਹਿਸੀਲ ਬਣਾਏਗੀ ਪਰ ਇਸ ਸਰਕਾਰ ਨੂੰ ਵੀ ਬਣੇ ਹੋਏ ਤਕਰੀਬਨ ਚਾਰ ਸਾਲ ਹੋ ਗਏ ਹਨ ਪਰ ਇਸ ਸਰਕਾਰ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਲਾਕਾ ਨਿਵਾਸੀਆਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ। ਇਸ ਸੰਬੰਧ ਵਿੱਚ ਜਦੋਂ ਪਿੰਡ ਦੀ ਸਰਪੰਚ ਅਨੀਸ਼ਾ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਬਾਰੇ ਕੈਬਨਿਟ ਮੰਤਰੀ ਕਟਾਰੂਚੱਕ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਬਸ ਸਟੈਂਡ, ਜਨਤਕ ਪਖਾਨਾ ਆਦਿ ਬਣਾਉਣ ਲਈ ਗਰਾਂਟ ਜਾਰੀ ਕਰ ਦਿੱਤੀ ਜਾਵੇਗੀ।