ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਾਲਾਨਾ ਡਾਇਰੀ ਕੈਲੰਡਰ ਰਿਲੀਜ਼
ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਾਲਾਨਾ ਡਾਇਰੀ ਕੈਲੰਡਰ ਰਿਲੀਜ਼
Publish Date: Sat, 10 Jan 2026 06:55 PM (IST)
Updated Date: Sun, 11 Jan 2026 04:10 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫ਼ਤਹਿਗੜ੍ਹ ਚੂੜੀਆਂ : ਪੀਐੱਸਪੀਸੀਐੱਲ ਪੈਨਸ਼ਨਰਜ਼ ਐਸੋਸੀਏਸ਼ਨ ਅਜਨਾਲਾ ਮੰਡਲ ਅਜਨਾਲਾ ਦੇ ਮੀਤ ਪ੍ਰਧਾਨ ਸੁਖਵੰਤ ਸਿੰਘ ਕੋਟਲਾ ਦੀ ਪ੍ਰਧਾਨਗੀ ਹੇਠ ਕਸਬਾ ਫਤਹਿਗੜ੍ਹ ਚੂੜੀਆਂ ਬਿਜਲੀ ਦਫ਼ਤਰ ਕੰਪਲੈਕਸ ਵਿਖੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਪੈਨਸ਼ਨਰਾਂ ਵਲੋਂ ਭਰਵੀਂ ਸ਼ਾਮੂਲੀਅਤ ਕੀਤੀ ਗਈ। ਮੀਟਿੰਗ ਵਿਚ ਸਰਕਲ ਪ੍ਰਧਾਨ ਕਰਮ ਸਿੰਘ ਰਾਜਾ ਸਾਂਸੀ, ਸਕੱਤਰ ਸਵਿੰਦਰਪਾਲ ਮੋਹਲੋਵਾਲੀ, ਸਹਾਇਕ ਸਕੱਤਰ ਰਾਮ ਲੁਭਾਇਆ ਮਜੀਠਾ ਉਚੇਚੇ ਤੌਰ 'ਤੇ ਪਹੁੰਚੇ। ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਡਾਇਰੀ/ਕੈਲੰਡਰ ਵੰਡੇ ਗਏ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕਿਰਤੀ ਲੋਕਾਂ ਦੇ ਹੱਕਾਂ ’ਤੇ ਹਮਲੇ ਲਗਾਤਾਰ ਜਾਰੀ ਹਨ, ਜਿਸ ’ਤੇ ਦੋਵਾਂ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਦੱਸਿਆ ਕਿ ਬਿਜਲੀ ਸੋਧ ਬਿੱਲ 2025, ਸਮਾਰਟ ਮੀਟਰ/ਚਿੱਪ ਵਾਲੇ ਮੀਟਰ/ਪਾਵਰਕਾਮ/ਟਰਾਂਸਕੋ ਦੋਵਾਂ ਕਾਰਪੋਰੇਸ਼ਨਾਂ ਦਾ ਪੂਰਨ ਰੂਪ ਵਿਚ ਨਿੱਜੀ ਕਰਨ ਦੀ ਤਿਆਰੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗੁਰਚਰਨ ਸਿੰਘ, ਸੁਖਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।