- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ੍ਰੇਸ਼ਨ ਪ੍ਰਹਾਰ -2, ਐੱਸਐੱਸਪੀ ਦੀ ਅਗਵਾਈ ਵਿੱਚ 800 ਪੁਲਿਸ ਮੁਲਾਜ਼ਮਾਂ ਨੇ ਸੰਭਾਲਿਆ ਮੋਰਚਾ, 25 ਸ਼ੱਕੀ ਕੀਤੇ ਰਾਉਂਡਅੱਪ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹਾ ਪੁਲਿਸ ਨੇ ਸੋਮਵਾਰ ਨੂੰ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਆਪ੍ਰੇਸ਼ਨ ਪ੍ਰਹਾਰ-2 ਦੇ ਹਿੱਸੇ ਵਜੋਂ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ। ਸ਼ਹਿਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਸੰਵੇਦਨਸ਼ੀਲ ਜਨਤਕ ਥਾਵਾਂ 'ਤੇ ਤਲਾਸ਼ੀ ਲਈ ਗਈ ਅਤੇ ਕੁੱਲ 25 ਸ਼ੱਕੀ ਵਿਅਕਤੀਆਂ ਨੂੰ ਰਾਉਂਡਅੱਪ ਕੀਤਾ ਗਿਆ। ਐੱਸਐੱਸਪੀ ਆਦਿਤਿਆ ਨੇ ਨਿੱਜੀ ਤੌਰ 'ਤੇ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ। ਇੱਕ ਯੋਜਨਾਬੱਧ ਅਤੇ ਪ੍ਰਭਾਵਸ਼ਾਲੀ ਆਪ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਲਗਭਗ 800 ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਟੀਮਾਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਟੀਮਾਂ ਨੇ ਜ਼ਿਲ੍ਹੇ ਭਰ ਵਿੱਚ ਕਾਰਵਾਈਆਂ ਕੀਤੀਆਂ, ਸੰਭਾਵੀ ਅਪਰਾਧਿਕ ਟਿਕਾਣਿਆਂ, ਭੀੜ-ਭੜੱਕੇ ਵਾਲੇ ਖੇਤਰਾਂ ਅਤੇ ਪ੍ਰਮੁੱਖ ਟ੍ਰੈਫਿਕ ਹੱਬਾਂ ਦੀ ਨਿਗਰਾਨੀ ਕੀਤੀ। ਐੱਸਪੀ ਜੁਗਰਾਜ ਸਿੰਘ ਅਤੇ ਡੀਐੱਸਪੀ (ਸਿਟੀ) ਮੋਹਨ ਸਿੰਘ ਨੇ ਵੀ ਇਸ ਕਾਰਵਾਈ ਵਿੱਚ ਹਿੱਸਾ ਲਿਆ।
ਇਸ ਕਾਰਵਾਈ ਦੌਰਾਨ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਵਰਗੇ ਸਥਾਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪੁਲਿਸ ਟੀਮਾਂ ਨੇ ਯਾਤਰੀਆਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਸ਼ੱਕੀ ਦਿਖਾਈ ਦੇਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਇਸ ਕਾਰਵਾਈ ਦਾ ਮੁੱਖ ਉਦੇਸ਼ ਅਪਰਾਧਿਕ ਤੱਤਾਂ 'ਤੇ ਨਜ਼ਰ ਰੱਖਣਾ ਅਤੇ ਜਨਤਾ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਨਾ ਸੀ।
ਐੱਸਐੱਸਪੀ ਆਦਿਤਿਆ ਨੇ ਕਿਹਾ ਕਿ ਇਹ ਆਪਰੇਸ਼ਨ ਪ੍ਰਹਾਰ ਦਾ ਦੂਜਾ ਪੜਾਅ ਹੈ ਜਿਸਦਾ ਮੁੱਖ ਟੀਚਾ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਵਿਆਪਕ ਅਤੇ ਫੈਸਲਾਕੁੰਨ ਕਾਰਵਾਈ ਕਰਨਾ ਹੈ, ਨਾਲ ਹੀ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਪੁਲਿਸ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਅਪਰਾਧੀ ਆਪਣਾ ਸਿਰ ਚੁੱਕਣ ਦੀ ਹਿੰਮਤ ਨਾ ਕਰਨ। ਇਹ ਮੁਹਿੰਮ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਜਨਤਕ ਸਹਿਯੋਗ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਨੂੰ ਆਮ ਨਾਗਰਿਕਾਂ ਦੇ ਸਹਿਯੋਗ ਦੀ ਲੋੜ ਹੈ। ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਨਾਲ ਸਮੇਂ ਸਿਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ-2 ਅਧੀਨ ਕੀਤਾ ਗਿਆ ਇਹ ਸਰਚ ਆਪ੍ਰੇਸ਼ਨ ਜ਼ਿਲ੍ਹਾ ਪੁਲਿਸ ਦੀ ਅਪਰਾਧ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
---ਔਰਤ ਨੇ ਪੁਲਿਸ ਨੂੰ ਉਲਝਾਇਆ--
ਆਪ੍ਰੇਸ਼ਨ ਪ੍ਰਹਾਰ ਦੇ ਹਿੱਸੇ ਵਜੋਂ ਵੱਡੀ ਪੁਲਿਸ ਫੋਰਸ ਜਾਂਚ ਕਰਨ ਲਈ ਬੱਸ ਸਟੈਂਡ 'ਤੇ ਪਹੁੰਚੀ। ਜਾਂਚ ਦੌਰਾਨ ਇੱਕ ਔਰਤ ਨੇ ਰੋਲਾ ਪਾ ਦਿੱਤਾ ਕਿ ਕਿਸੇ ਨੇ ਉਸਦਾ ਲਿਫਾਫਾ ਚੋਰੀ ਕਰ ਲਿਆ ਹੈ। ਜਿਸ ਨਾਲ ਪੁਲਿਸ ਮੁਲਾਜ਼ਮਾਂ ਵਿੱਚ ਹਲਚਲ ਮਚ ਗਈ। ਤੁਗਲਵਾਲ ਪਿੰਡ ਦੀ ਰਹਿਣ ਵਾਲੀ ਰਣਜੀਤ ਕੌਰ ਨੇ ਕਿਹਾ ਕਿ ਉਹ ਬੱਸ ਦੀ ਉਡੀਕ ਕਰਦੇ ਹੋਏ ਬੈਂਚ 'ਤੇ ਬੈਠੀ ਸੀ। ਇਸ ਦੌਰਾਨ ਕਿਸੇ ਨੇ ਉਸਦਾ ਲਿਫਾਫਾ ਚੋਰੀ ਕਰ ਲਿਆ ਜਿਸ ਵਿੱਚ ਉਸਦਾ ਆਧਾਰ ਕਾਰਡ, ਪੈਨ ਕਾਰਡ ਅਤੇ 500 ਰੁਪਏ ਸਨ। ਇਸ ਬਾਰੇ ਪਤਾ ਲੱਗਣ 'ਤੇ ਪੁਲਿਸ ਮੁਲਜ਼ਮਾਂ ਵਿੱਚ ਹਲਚਲ ਮਚ ਗਈ ਕਿ ਇੰਨੇ ਸਾਰੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਔਰਤ ਦਾ ਲਿਫਾਫਾ ਚੋਰੀ ਹੋ ਗਿਆ ਹੈ। ਪੁਲਿਸ ਬੱਸ ਸਟੈਂਡ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਸੀ ਕਿ ਔਰਤ ਨੇ ਦੱਸਿਆ ਕਿ ਲਿਫਾਫਾ ਉਸਦੀ ਜੇਬ ਵਿੱਚ ਸੀ। ਇਹ ਸੁਣ ਕੇ ਪੁਲਿਸ ਨੇ ਰਾਹਤ ਦਾ ਸਾਹ।
--ਐੱਸਪੀ ਨੇ ਗਾਲ੍ਹਾਂ ਕੱਢਣ ਵਾਲੇ ਕੰਡਕਟਰ ਨੂੰ ਝਿੜਕਿਆ --
ਐੱਸਪੀ ਜੁਗਰਾਜ ਸਿੰਘ ਚੈਕਿੰਗ ਦੌਰਾਨ ਬੱਸ ਸਟੈਂਡ 'ਤੇ ਮੌਜੂਦ ਸਨ। ਬੱਸ ਸਟੈਂਡ 'ਤੇ ਇੱਕ ਬੱਸ ਕੰਡਕਟਰ ਗਾਲ੍ਹਾਂ ਕੱਢ ਰਿਹਾ ਸੀ। ਐੱਸਪੀ ਨੇ ਉਸਨੂੰ ਉਸਦੇ ਦੁਰਵਿਵਹਾਰ ਲਈ ਝਿੜਕਿਆ। ਉਸਨੇ ਕੰਡਕਟਰ ਨੂੰ ਕਿਹਾ ਕਿ ਗਾਲ੍ਹਾਂ ਕੱਢਣ ਨਾਲ ਯਾਤਰੀ ਕਿਵੇਂ ਆਉਣਗੇ। ਉਨ੍ਹਾਂ ਕੰਡਕਟਰ ਨੂੰਨੂੰ ਚੇਤਾਵਨੀ ਦਿੱਤੀ ਕਿ ਅਜਿਹੀ ਭਾਸ਼ਾ ਜਨਤਕ ਤੌਰ 'ਤੇ ਨਹੀਂ ਵਰਤੀ ਜਾਣੀ ਚਾਹੀਦੀ। ਕੰਡਕਟਰ ਨੇ ਆਪਣੀ ਗਲਤੀ ਮੰਨ ਲਈ ਅਤੇ ਭਵਿੱਖ ਵਿੱਚ ਇਸਨੂੰ ਨਾ ਦੁਹਰਾਉਣ ਦਾ ਵਾਅਦਾ ਕੀਤਾ।