ਹੋਲਾ-ਮਹੱਲਾ ਮਨਾਉਣ ਆਏ ਐੱਨਆਰਆਈ ਨਾਲ ਹੋਈ ਲੁੱਟ
ਹੋਲਾ ਮਹੱਲਾ ਮਨਾਉਣ ਆਏ ਐੱਨਆਰਆਈ ਨਾਲ ਹੋਈ ਲੁੱਟ
Publish Date: Sat, 07 Mar 2026 07:18 PM (IST)
Updated Date: Sun, 08 Mar 2026 04:15 AM (IST)

* ਪੁਲਿਸ ਕਰ ਰਹੀ ਹੈ ਜਾਂਚ ਬੀਟੀਐੱਲ22 ਘਟਨਾ ਸਬੰਧੀ ਡੀਐੱਸਪੀ ਸਿਟੀ ਨੂੰ ਜਾਣਕਾਰੀ ਦਿੰਦੇ ਹੋਏ ਐੱਨਆਰਆਈ ਬਹਾਦਰ ਸਿੰਘ ਤੁਲੀ। ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਨਿਚਰਵਾਰ ਦੀ ਸ਼ਾਮ ਨੂੰ ਹੋਲਾ ਮਹੱਲਾ ਮਨਾਉਣ ਆਏ ਐੱਨਆਰਆਈ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਲੁੱਟ ਲਿਆ ਹੈ। ਲੁਟੇਰਿਆਂ ਨੇ ਐੱਨਆਰਆਈ ਤੋਂ ਉਸ ਦਾ ਮੋਟਰਸਾਈਕਲ ਤੇ ਜੇਬ ’ਚੋਂ 2100 ਅਮਰੀਕਨ ਡਾਲਰ ਲੁੱਟ ਲਏ ਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਸੰਜੀਵ ਕੁਮਾਰ ਤੇ ਥਾਣਾ ਸੇਖਵਾਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਐੱਨਆਰਆਈ ਬਹਾਦਰ ਸਿੰਘ ਤੁਲੀ ਪੁੱਤਰ ਸੁਰਜੀਤ ਸਿੰਘ ਤੁਲੀ, ਜੋ ਕਿ ਇੰਗਲੈਂਡ ਦੇ ਸਿਟੀਜ਼ਨ ਹਨ ਤੇ ਥਾਈਲੈਂਡ ਦੇ ਗ੍ਰੀਨ ਕਾਰਡ ਹੋਲਡਰ ਹਨ, ਨਾਲ ਹੋਈ ਹੈ। ਐੱਨਆਰਆਈ ਬਹਾਦੁਰ ਸਿੰਘ ਤੁਲੀ ਪਰਿਵਾਰ ਸਮੇਤ ਨੀਲਧਾਰੀ ਸੰਪਰਦਾਏ ਦੇ ਮੁੱਖ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਰਿਵਾਰ ਸਮੇਤ ਆਏ ਸਨ। ਐੱਨਆਰਆਈ ਨੇ ਦੱਸਿਆ ਕਿ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਵਾਪਸ ਥਾਈਲੈਂਡ ਜਾਣਾ ਸੀ ਅਤੇ ਸ਼ਨੀਚਰਵਾਰ ਦੀ ਸ਼ਾਮ ਨੂੰ ਕਸਬੇ ਦੇ ਬਾਜ਼ਾਰ ’ਚੋਂ ਕੁਝ ਸਮਾਨ ਖਰੀਦ ਕੇ ਆਪਣੇ ਮੋਟਰਸਾਈਕਲ ਦੇ ਵਾਪਸ ਘਰ ਵੱਲ ਨੂੰ ਆ ਰਿਹਾ ਸੀ, ਜਦ ਉਹ ਨੌਸ਼ਹਿਰਾ ਸਾਹਿਬ ਦੇ ਮੋੜ ’ਤੇ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਅੱਗੇ ਕਰ ਦਿੱਤਾ ਅਤੇ ਉਸਦਾ ਮੋਟਰਸਾਈਕਲ ਖੋਹ ਲਿਆ ਅਤੇ ਨਾਲ ਹੀ ਉਸਦੀ ਜੇਬ ’ਚ ਪਏ 2100 ਅਮਰੀਕਨ ਡਾਲਰ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਐੱਨਆਰਆਈ ਨੇ ਦੱਸਿਆ ਕਿ ਕੁਝ ਦੂਰੀ ’ਤੇ ਜਾ ਕੇ ਲੁਟੇਰੇ ਉਸ ਦਾ ਮੋਬਾਇਲ ਸੁੱਟ ਗਏ, ਪਰ ਮੋਟਰਸਾਈਕਲ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਹਨ। ਉਸਨੇ ਦੱਸਿਆ ਕਿ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਉਧਰ, ਮੌਕੇ ’ਤੇ ਪੁੱਜੇ ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ। ਉਧਰ, ਐੱਨਆਰਆਈ ਪਰਿਵਾਰ ਨਾਲ ਹੋਈ ਲੁੱਟ ਨੂੰ ਲੈ ਕੇ ਲੋਕਾਂ ’ਚ ਡਰ ਪਾਇਆ ਜਾ ਰਿਹਾ ਹੈ।