2 ਮਰਲੇ ਜ਼ਮੀਨ ਪਿੱਛੇ ਹੋਏ ਝਗੜੇ ਵਿੱਚ ਗਈ ਜਾਨ, 9 ਨਾਮਜ਼ਦ
2 ਮਰਲੇ ਜ਼ਮੀਨ ਪਿੱਛੇ ਹੋਏ ਝਗੜੇ ਵਿੱਚ ਗਈ ਜਾਨ, 9 ਖਿਲਾਫ਼ ਮਾਮਲਾ ਦਰਜ਼
Publish Date: Sun, 08 Feb 2026 06:39 PM (IST)
Updated Date: Mon, 09 Feb 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਤਿੱਬੜ ਵਿਖ਼ੇ ਕੂੜਾ ਸੁੱਟਣ ਵਾਲੀ ਦੋ ਮਰਲੇ ਜਗ੍ਹਾ ‘ਤੇ ਕਬਜ਼ੇ ਨੂੰ ਲੈ ਕੇ 2 ਧਿਰਾਂ ‘ਚ ਹੋਏ ਝਗੜੇ ਵਿੱਚ ਇਕ ਵਿਅਕਤੀ ਦੀ ਜਾਨ ਚਲੀ ਗਈ। ਤਿੱਬੜ ਪੁਲਿਸ ਨੇ ਇਸ ਮਾਮਲੇ ਵਿੱਚ 9 ਮੁਲਜ਼ਮਾਂ ਖਿਲਾਫ਼ ਗ਼ੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਡੇਵਿਡ ਮਸੀਹ (60)ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋ ਮਰਲੇ ਕੂੜਾ ਸੁੱਟਣ ਵਾਲੀ ਜਗ੍ਹਾ ਦਾ ਕਬਜ਼ਾ ਜਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਪਿੰਡ ਤਿੱਬੜ ਦੇ ਵਿਅਕਤੀ ਡੇਵਿਡ ਮਸੀਹ ਨੂੰ ਪੁਲਿਸ ਵੱਲੋਂ 20 ਜਨਵਰੀ ਨੂੰ ਦਿਵਾਇਆ ਗਿਆ ਸੀ। ਉਸ ਵੇਲੇ ਪੁਲਿਸ ਦੀ ਸਹਾਇਤਾ ਨਾਲ ਜੇਸੀਬੀ ਮੰਗਵਾ ਕੇ ਜਗ੍ਹਾ ’ਤੇ ਕੀਤੀ ਗਈ ਉਸਾਰੀ ਵੀ ਢਾਹ ਦਿੱਤੀ ਗਈ ਸੀ ਪਰ ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜ਼ਮੀਨ ’ਤੇ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੌਜੂਦਾ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਸਮੇਤ ਕੁੱਝ ਹੋਰ ਲੋਕ ਮੌਕੇ ‘ਤੇ ਪਹੁੰਚ ਗਏ। ਡੇਵਿਡ ਮਸੀਹ ਦੇ ਪਰਿਵਾਰ ਦਾ ਦੋਸ਼ ਹੈ ਕਿ ਇਹ ਲੋਕ ਇਸ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ। ਇਸ ਦੌਰਾਨ ਧੱਕਾ-ਮੁੱਕੀ ਹੋਈ ਜਿਸ ਦੌਰਾਨ ਡੇਵਿਡ ਮਸੀਹ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਰਪੰਚ ਦੇ ਪਤੀ ਸੁਰਿੰਦਰ ਕੁਮਾਰ ਸਣੇ ਪਿੰਡ ਦੇ ਹੀ 9 ਲੋਕਾਂ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਧਾਰਾ 105 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਡੇਵਿਡ ਮਸੀਹ ਦੇ ਪੁੱਤਰ ਸਚਿਨ ਮਸੀਹ ਅਤੇ ਉਸ ਦੀ ਰਿਸ਼ਤੇਦਾਰ ਬਸ਼ੀਰਾ ਦਾ ਦੋਸ਼ ਹੈ ਕਿ ਮੌਜੂਦਾ ਸਰਪੰਚਣੀ ਦਾ ਪਤੀ ਅਤੇ ਬਾਕੀ ਲੋਕ ਡੰਡਿਆਂ ਤੇ ਕਹੀਆਂ ਲੈ ਕੇ ਮੌਕੇ ‘ਤੇ ਪਹੁੰਚੇ ਸਨ ਅਤੇ ਉਨਾਂ ਦਾ ਇਰਾਦਾ ਹੱਤਿਆ ਕਰਨ ਦਾ ਹੀ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਧੱਕਾ-ਮੁੱਕੀ ਦੌਰਾਨ ਹੀ ਡੇਵਿਡ ਮਸੀਹ ਦੀ ਛਾਤੀ ’ਤੇ ਮੁੱਕੇ ਮਾਰੇ ਗਏ ਸਨ ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ ਸੀ ਅਤੇ ਇਹੋ ਉਸ ਦੀ ਮੌਤ ਦਾ ਕਾਰਨ ਬਣਿਆ। ਉਨ੍ਹਾਂ ਨੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਤਿੱਬੜ ਥਾਣੇ ਦੀ ਐਸਐਚਓ ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।