ਭਾਣਜੇ ਨੇ ਅਧਿਆਪਕਾ ਮਾਮੀ ’ਤੇ ਸੁੱਟਿਆ ਤੇਜ਼ਾਬ, ਮੁਲਜ਼ਮ ਗ੍ਰਿਫ਼ਤਾਰ
ਭਾਣਜੇ ਨੇ ਸਕੂਲ ਅਧਿਆਪਕਾ ਮਾਮੀ ’ਤੇ ਸੁੱਟਿਆ ਤੇਜ਼ਾਬ
Publish Date: Fri, 17 Apr 2026 07:17 PM (IST)
Updated Date: Sat, 18 Apr 2026 04:10 AM (IST)

ਬੀਟੀਐਲ24 ਸਿਵਲ ਹਸਪਤਾਲ ਬਟਾਲਾ ’ਚ ਇਲਾਜ ਲਈ ਦਾਖਲ ਬੱਚੀ ਦੇ ਮਾਪੇ ਜਾਣਕਾਰੀ ਦਿੰਦੇ ਹੋਏ। ਬੀਟੀਐੱਲ25 ਘਟਨਾ ਵਾਲੀ ਥਾਂ ’ਤੇ ਜਾਇਜ਼ਾ ਲੈਂਦੀ ਹੋਈ ਪੁਲਿਸ। ਸੁਖਦੇਵ ਸਿੰਘ/ਰਣਜੀਤ ਬਾਵਾ, ਪੰਜਾਬੀ ਜਾਗਰਣ ਬਟਾਲਾ/ਘੁਮਾਣ : ਬਟਾਲਾ ਦੇ ਨਜ਼ਦੀਕੀ ਕਸਬਾ ਘੁਮਾਣ ਦੇ ਪਿੰਡ ਮਹਿਮਦਪੁਰਾ ’ਚ ਸ਼ਰਮਨਾਕ ਘਟਨਾ ਵਾਪਰੀ ਹੈ। ਇੱਕ ਨੌਜਵਾਨ ਨੇ ਮਹਿਮਦਪੁਰਾ ਦੇ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਪੜ੍ਹਾ ਰਹੀ ਇਕ ਅਧਿਆਪਕਾ ’ਤੇ ਤੇਜ਼ਾਬ ਸੁੱਟਿਆ ਹੈ। ਇਸ ਦੌਰਾਨ ਅਧਿਆਪਕਾ ਦੇ ਚਿਹਰੇ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਤੇਜ਼ਾਬ ਪਿਆ ਤੇ ਕੋਲ ਪੜ੍ਹ ਰਹੇ ਪ੍ਰਾਇਮਰੀ ਕਲਾਸ ਦੇ ਦੋ ਬੱਚਿਆਂ ’ਤੇ ਵੀ ਤੇਜ਼ਾਬ ਦੀਆਂ ਕੁਝ ਬੂੰਦਾਂ ਪਈਆਂ ਹਨ। ਸਕੂਲ ਅਧਿਆਪਕਾ ਤੇ ਬੱਚਿਆਂ ਦੀ ਹਾਲਤ ਸਥਿਰ ਹੈ। ਤੇਜ਼ਾਬ ਹਮਲੇ ’ਚ ਪੀੜਤਾ ਅਧਿਆਪਕਾ ਅਤੇ ਇਕ ਬੱਚੀ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਆਪਕਾ ਤੇਜ਼ਾਬ ਦਾ ਹਮਲਾ ਕਰਨ ਵਾਲੇ ਮੁਲਜ਼ਮ ਦੀ ਮਾਮੀ ਲੱਗਦੀ ਹੈ। ਪੀੜਤਾਂ ਦੀ ਪਛਾਣ ਲਖਵਿੰਦਰ ਕੌਰ ਵਾਸੀ ਮਹਿਮਦਪੁਰ ਵਜੋਂ ਹੋਈ ਹੈ ਤੇ ਉਹ ਪਿੰਡ ਦੇ ਹੀ ਪ੍ਰਾਇਮਰੀ ਸਕੂਲ ’ਚ ਅਧਿਆਪਕਾ ਲੱਗੀ ਹੋਈ ਹੈ। ਤੇਜ਼ਾਬ ਦਾ ਹਮਲਾ ਕਰਨ ਵਾਲਾ ਵਿਅਕਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਹਿਮਦਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪ੍ਰਾਇਮਰੀ ਕਲਾਸ ਨੂੰ ਅਧਿਆਪਕਾ ਲਖਵਿੰਦਰ ਕੌਰ ਪੜ੍ਹਾ ਰਹੀ ਸੀ ਕਿ ਉਸ ਦਾ ਰਿਸ਼ਤੇਦਾਰ ਤੇਜਬੀਰ ਸਿੰਘ ਵਾਸੀ ਘਣੀਏ ਕੇ ਬਾਂਗਰ ਉਸ ਦੀ ਕਲਾਸ ’ਚ ਆਇਆ ਤੇ ਆਉਂਦਿਆਂ ਹੀ ਉਸ ਨੇ ਆਪਣੀ ਮਾਮੀ ਅਧਿਆਪਕਾਂ ਲਖਵਿੰਦਰ ਕੌਰ ’ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬੀ ਹਮਲੇ ’ਚ ਲਖਵਿੰਦਰ ਕੌਰ ਦੇ ਸਰੀਰ ’ਤੇ ਤੇਜ਼ਾਬ ਪਿਆ ਤੇ ਕੁਝ ਬੂੰਦਾਂ ਨਾਲ ਪੜ੍ਹ ਰਹੇ ਬੱਚੇ ਪ੍ਰਭਜੋਤ ਕੌਰ ਤੇ ਅਜੀਤ ਸਿੰਘ ਦੇ ਸਰੀਰ ’ਤੇ ਪਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਤੁਰੰਤ ਬਾਅਦ ਅਧਿਆਪਕਾਂ ਨੇ ਪੀੜਤਾ ਤੇ ਛੋਟੀ ਬੱਚੀ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਥਾਣਾ ਘੁਮਾਣ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਤੇਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅਧਿਆਪਕਾ ਮੁਲਜ਼ਮ ਦੀ ਮਾਮੀ ਲੱਗਦੀ ਹੈ। ਉਧਰ ਪੀੜਤ ਅਧਿਆਪਕਾ ਨੇ ਦੱਸਿਆ ਕਿ ਉਸ ਦਾ ਭਾਣਜਾ ਮਾਨਸਿਕ ਪ੍ਰੇਸ਼ਾਨੀ ਵਿੱਚ ਹੈ, ਜਿਸ ਕਾਰਨ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ।