ਕੌਮੀ ਇਨਸਾਫ ਮੋਰਚੇ ਨੂੰ ਪੰਥਕ ਏਕਤਾ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ : ਬਾਜਵਾ
ਕੌਮੀ ਇਨਸਾਫ ਮੋਰਚੇ ਨੁੂੰ ਪੰਥਕ ਏਕਤਾ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ : ਬਾਜਵਾ
Publish Date: Sat, 07 Mar 2026 03:50 PM (IST)
Updated Date: Sun, 08 Mar 2026 04:00 AM (IST)

ਬੀਟੀਐੱਲ2 ਗੁਰਿੰਦਰ ਸਿੰਘ ਬਾਜਵਾ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : 21 ਫਰਵਰੀ ਨੂੰ ਪੰਥਕ ਏਕਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਸਮੁੱਚੀਆ ਪੰਥਕ, ਕਿਸਾਨ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਾ ਇਕੱਠ ਹਵਾਰਾਂ ਕਲਾਂ ਵਿਖੇ ਹੋਇਆ ਸੀ, ਜਿਸ ’ਚ ਸਾਰੀਆਂ ਜਥੇਬੰਦੀਆਂ ਨੇ ਪੰਥ ਅਤੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਲਈ ਪੰਥਕ ਏਕਤਾ ਨੁੰ ਅਜੋਕੇ ਸਮੇਂ ਦੀ ਲੋੜ ਦੱਸਿਆ ਸੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ। ਉਹਨਾਂ ਆਖਿਆ ਕਿ ਪਿਛਲੀ ਦਿਨੀਂ ਜਿਸ ਤਰ੍ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਵਿਚੋਂ ਪੰਥ ਦੇ ਨਾਮ ਚਿੱਠੀ ਲਿਖਦਿਆਂ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ, ਉਸਦਾ ਸਮੁੱਚੀਆਂ ਜਥੇਬੰਦੀਆਂ ਨੇ ਸਵਾਗਤ ਕੀਤਾ ਸੀ ਅਤੇ ਉਸ ਚਿੱਠੀ ਵਿਚੋਂ ਜਥੇਦਾਰ ਹਵਾਰਾ ਦਾ ਪੰਥ ਦੀ ਅਜੋਕੀ ਸਥਿਤੀ ’ਤੇ ਅੰਦਰ ਦਾ ਦਰਦ ਵੀ ਝਲਕਦਾ ਸੀ। ਬਾਜਵਾ ਨੇ ਅੱਗੇ ਆਖਿਆ ਕਿ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਜਥੇਦਾਰ ਪਾਲ ਸਿੰਘ ਫਰਾਂਸ, ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਿਲੀ ਇੱਛਾ ਮੁਤਾਬਕ ਸਮੁੱਚੀ ਪੰਥਕ ਏਕਤਾ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੁੰ ਸਖ਼ਤ ਸਜ਼ਾਵਾਂ ਲਈ ਕਾਨੂੰਨ ਬਣਾਉਣਾ, ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਸੁਰੂ ਕੀਤਾ ਜਾ ਸਕੇ। ਗੁਰਿੰਦਰ ਸਿੰਘ ਬਾਜਵਾ ਨੇ ਅੱਗੇ ਆਖਿਆ ਕਿ ਪੰਥ ਕੀ ਏਕਤਾ ਸਮੇਂ ਦੀ ਮੁੱਖ ਲੋੜ ਹੈ ਤੇ ਪੰਥ ਦੀ ਚੜ੍ਹਦੀਕਲਾ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ। ਗੁਰਿੰਦਰ ਸਿੰਘ ਬਾਜਵਾ ਨੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਆਓ ਰਲ ਕੇ ਹਮਲਾ ਮਾਰੀਏ ਤੇ ਪੰਥ ਦੀ ਆਪਸੀ ਏਕਤਾ ਵੱਲ ਅੱਗੇ ਤੁਰੀਏ।