ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ ਵਿੱਚ ਬਟਾਲੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦਾ ਮੁੱਦਾ ਉਠਾਇਆ
ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ ਵਿੱਚ ਬਟਾਲੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦਾ ਮੁੱਦਾ ਉਠਾਇਆ
Publish Date: Thu, 12 Mar 2026 03:29 PM (IST)
Updated Date: Thu, 12 Mar 2026 03:33 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਲਗਾਤਾਰ ਬਟਾਲਾ ਹਲਕੇ ਅਤੇ ਖਾਸਕਰਕੇ ਬਟਾਲਾ ਸ਼ਹਿਰ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਨਿਰੰਤਰ ਯਤਨਸ਼ੀਲ ਹਨ ਅਤੇ ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਬਟਾਲੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਗਿਆ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸ਼ੈਸਨ ਵਿੱਚ ਵਿਧਾਇਕ ਸ਼ੈਰੀ ਕਲਸੀ ਵਲੋਂ ਵੱਖ ਵੱਖ ਮੁੱਦਿਆਂ ਨੂੰ ਬਾਖੂਬੀ ਉਠਾਇਆ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਆੜੇ ਹੱਥੀ ਲਿਆ ਹੈ। ਉਨ੍ਹਾਂ ਨੇ ਮਾਣਯੋਗ ਸਪੀਕਰ ਪੰਜਾਬ ਦੇ ਧਿਆਨ ਵਿਚ ਲਿਆਂਦਾ ਕਿ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਵਿਖੇ ਪਿਛਲੇ 75 ਸਾਲਾਂ ਤੋਂ ਸੱਤਾ ਹੰਢਾ ਕੇ ਗਈਆਂ ਪਾਰਟੀਆਂ ਵਲੋਂ ਸ਼ਹਿਰ ਵਿਚਲੀ ਕੂੜੇ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਕੂੜਾ ਸੁੱਟਣ ਲਈ ਕੋਈ ਪੱਕੀ ਜਗ੍ਹਾ ਨਹੀਂ ਹੈ। ਵਿਧਾਇਕ ਸ਼ੈਰੀ ਕਲਸੀ ਕਿਹਾ ਕਿ ਜਦੋਂ ਦੀ ਬਟਾਲਾ ਵਾਸੀਆਂ ਨੇ ਉਨ੍ਹਾਂ ਨੂੰ ਵਿਧਾਇਕ ਵਜੋਂ ਜਿੰਮੇਵਾਰੀ ਸੌਂਪੀ ਹੈ, ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਬਟਾਲਾ ਦੇ ਵਿਕਾਸ ਤੇ ਸਿਰਫ ਵਿਕਾਸ ਲਈ ਹੀ ਉਨ੍ਹਾਂ ਨੇ ਯਤਨ ਕੀਤੇ ਹਨ। ਇਸ ਮੌਕੇ ਉਨ੍ਹਾਂ ਵਿਧਾਨ ਸਭਾ ਵਿੱਚ ਆਈ.ਟੀ.ਆਈ ਬਟਾਲਾ ਦੇ ਖੇਡ ਮੈਦਾਨ ਨੂੰ ਹੋਰ ਵਿਕਸਿਤ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਖੇਡ ਮੈਦਾਨ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਖਿਡਾਰੀ ਖੇਡਦੇ ਹਨ। ਇਸ ਲਈ ਇਸ ਖੇਡ ਸਟੇਡੀਅਮ ਨੂੰ ਵਿਕਾਸ ਪੱਖੋਂ ਹੋਰ ਮਜ਼ਬੂਤ ਕੀਤਾ ਜਾਣ ਦੀ ਲੋੜ ਹੈ ਤਾਂ ਜੋ ਖਿਡਾਰੀਆਂ ਨੂੰ ਖੇਡਣ ਲਈ ਵੱਧ ਤੋਂ ਵੱਧ ਖੇਡਣ ਦਾ ਪਲੇਟਫਾਰਮ ਮੁਹੱਈਆ ਹੋ ਸਕੇ।