ਵਿਧਾਇਕ ਪਾਹੜਾ ਨੇ ਕੀਤਾ ਐਗਰੀਕਲਚਰ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ
ਵਿਧਾਇਕ ਪਾਹੜਾ ਨੇ ਕੀਤਾ ਐਗਰੀਕਲਚਰ ਰੋਡ ਨੂੰ ਚੌੜਾ ਕਰਨ ਅਤੇ ਸਾਈਡ ’ਤੇ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ
Publish Date: Sun, 22 Mar 2026 06:42 PM (IST)
Updated Date: Sun, 22 Mar 2026 06:43 PM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਨਗਰ ਕੌਂਸਲ ਵੱਲੋਂ ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਦਿੰਦਿਆਂ ਸ਼ਹਿਰ ਦੇ ਐਗਰੀਕਲਚਰ ਰੋਡ ਨੂੰ ਚੌੜਾ ਕਰਨ, ਸਾਈਡ ’ਤੇ ਟਾਈਲਾਂ ਲਗਾਉਣ ਤੇ ਬੈਠਣ ਲਈ ਹੱਟ ਬਣਾਏ ਗਏ ਹਨ, ਜਿਸ ਦਾ ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸਥਾਨਕ ਲੋਕਾਂ ਵੱਲੋਂ ਵਿਧਾਇਕ ਪਾਹੜਾ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਮੌਜੂਦ ਸਨ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸ਼ਹਿਰ ਵਿਚ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੰਮ ਲਈ ਪ੍ਰਸ਼ੰਸਾ ਕਰਦਾ ਹੈ ਤਾਂ ਹੌਂਸਲਾ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖ ਕੇ ਵਿਰੋਧੀ ਪਾਰਟੀ ਬੌਖਲਾਈ ਹੋਈ ਹੈ ਤੇ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦਾ ਸਾਹ ਚੱਲਦਾ ਰਹੇਗਾ, ਉਦੋਂ ਤੱਕ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੋ ਵਾਰ ਵਿਧਾਇਕ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੇ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਸਾਫ਼ ਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਹਰ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਜਾਂਦਾ ਹੈ। ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਐਗਰੀਕਲਚਰ ਰੋਡ ’ਤੇ ਸ਼ਹਿਰ ਦੇ ਲੋਕ ਸੈਰ ਕਰਨ ਲਈ ਆਉਂਦੇ ਹਨ। ਇਸ ਰੋਡ ਨੂੰ ਚੌੜਾ ਕੀਤਾ ਗਿਆ ਹੈ, ਰੋਡ ਕਿਨਾਰੇ ਟਾਈਲਾਂ ਲਗਾਈਆਂ ਗਈਆਂ ਹਨ ਤੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਹੱਟ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਲਗਾਤਾਰ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋਡ ਨੂੰ ਪੱਕਾ ਕਰਨ ਦੇ ਨਾਲ-ਨਾਲ ਸੀਵਰੇਜ ਦੀਆਂ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਯਤਨ ਕੀਤੇ ਜਾ ਰਹੇ ਹਨ।