ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਦੋਹਾਂ ਧਿਰਾਂ ਦਾ ਮਾਮਲਾ ਸੁਲਝਾਇਆ
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਦੋਹਾਂ ਧਿਰਾਂ ਦਾ ਮਾਮਲਾ ਸੁਲਝਾਇਆ
Publish Date: Sun, 11 Jan 2026 07:25 PM (IST)
Updated Date: Mon, 12 Jan 2026 04:15 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬੀਤੇ ਦਿਨੀਂ ਬਟਾਲਾ ਦੇ ਪਿੰਡ ਤਲਵੰਡੀ ਝੁੰਗਲਾਂ ’ਚ ਦੋਹਾਂ ਧਿਰਾਂ ’ਚ ਪੱਥਰਬਾਜ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵੀਡੀਓ ’ਚ ਇੱਕ ਪਰਿਵਾਰ ਉੱਤੇ ਕੁਝ ਲੋਕ ਪੱਥਰਬਾਜ਼ੀ ਕਰ ਰਹੇ ਹਨ। ਉਕਤ ਮਾਮਲੇ ਨੂੰ ਲੈ ਕੇ ਇਨਸਾਫ ਲਈ ਮਸੀਹ ਭਾਈਚਾਰੇ ਦੇ ਆਗੂ ਐੱਸਐੱਸਪੀ ਬਟਾਲਾ ਨੂੰ ਮਿਲੇ ਸਨ। ਦੋਹਾਂ ਧਿਰਾਂ ’ਚ ਵਧੇ ਹੋਏ ਵਿਵਾਦ ਨੂੰ ਲੈ ਕੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਤਿੰਦਰ ਗੌਰਵ ਵੱਲੋਂ ਪਿੰਡ ਤਲਵੰਡੀ ਝੁੰਗਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡੀਐੱਸਪੀ ਸਿਟੀ ਸੰਜੀਵ ਕੁਮਾਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਵੱਲੋਂ ਦੋਹਾਂ ਧਿਰਾਂ ਦਾ ਪੱਖ ਸੁਣਿਆ ਗਿਆ ਅਤੇ ਦੋਹਾਂ ਧਿਰਾਂ ਨੂੰ ਆਪਸੀ ਪਿਆਰ ਦੇ ਨਾਲ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਆਪਸੀ ਪਿਆਰ ਇਤਫਾਕ ਦਾ ਸੁਨੇਹਾ ਦਿੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਵੱਲੋਂ ਦਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁਬਾਰਕ ਹੈ ਪ੍ਰਭੂ ਦਾ ਨਾਮ ਕੋਈ ਘਰ ਵਿੱਚ ਲਵੇ ਜਾਂ ਕੋਈ ਗਿਰਜਾ ਘਰ ਵਿੱਚ ਜਾ ਕੇ ਲਵੇ। ਉਹਨਾਂ ਕਿਹਾ ਕਿ ਜੇਕਰ ਪ੍ਰਚਾਰਕ ਆਪਸ ’ਚ ਲੜਦੇ ਰਹੇ ਤਾਂ ਪ੍ਰਚਾਰ ਕਿੱਦਾਂ ਹੋਵੇਗਾ। ਉਹਨਾਂ ਕਿਹਾ ਕਿ ਪ੍ਰਭੂ ਨੇ ਸਾਨੂੰ ਸਾਰਿਆਂ ਨੂੰ ਸੱਚ ਦਾ ਰਾਹ ਦਿਖਾਇਆ ਹੈ, ਪਰ ਅਸੀਂ ਭਟਕ ਕੇ ਇੱਕ ਦੂਜੇ ਦੇ ਨਾਲ ਲੜਾਈ ਕਰ ਰਹੇ ਹਾਂ। ਚੇਅਰਮੈਨ ਜਤਿੰਦਰ ਗੌਰਵ ਨੇ ਦੋਹਾਂ ਧਿਰਾਂ ਨੂੰ ਸਮਝਾਇਆ ਕਿ ਆਪੋ ਆਪਣੇ ਸਾਧਨਾ ਰਾਹੀਂ ਵੱਧ ਤੋਂ ਵੱਧ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ। ਉਹਨਾਂ ਦੋਹਾਂ ਧਿਰਾਂ ਨੂੰ ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਲ ਕੇ ਰਹਿਣ ਲਈ ਅਪੀਲ ਕੀਤੀ। ਉਹਨਾਂ ਦੋਹਾਂ ਧਿਰਾਂ ਨੂੰ ਆਪਣੇ ਦਫਤਰ ਵੀ ਬੁਲਾਇਆ ਹੈ।