ਬਟਾਲਾ ਦੇ ਗਾਂਧੀ ਚੌਕ ’ਚ ਲਾਸ਼ ਰੱਖ ਕੇ ਪਰਵਾਸੀ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਬਟਾਲਾ ਦੇ ਗਾਂਧੀ ਚੌਂਕ ’ਚ ਲਾਸ਼ ਰੱਖ ਕੇ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 31 Jan 2026 06:11 PM (IST)
Updated Date: Sun, 01 Feb 2026 04:11 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸ਼ਨਿਚਰਵਾਰ ਨੂੰ ਬਟਾਲਾ ਦੇ ਗਾਂਧੀ ਚੌਕ ’ਚ ਲਾਸ਼ ਰੱਖ ਕੇ ਪਰਵਾਸੀ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ। ਮਾਮਲਾ ਐਕਸੀਡੈਂਟ ਦੌਰਾਨ ਗੰਭੀਰ ਜ਼ਖ਼ਮੀ ਹੋਏ ਮਜ਼ਦੂਰ ਦੀ ਇਲਾਜ ਦੌਰਾਨ ਹੋਈ ਮੌਤ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਹੈ। ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਚਿੰਟੂ ਕੁਮਾਰ (35) ਪੁੱਤਰ ਜੁਗਲ ਵਾਸੀ ਬਿਹਾਰ ਹਾਲ ਵਾਸੀ ਮੁਰਗੀ ਮਹੱਲਾ ਬਟਾਲਾ ਵਜੋਂ ਹੋਈ ਹੈ। ਮ੍ਰਿਤਕ ਚਿੰਟੂ ਪੱਥਰ ਅਤੇ ਟਾਈਲ ਲਾਉਣ ਦਾ ਕੰਮ ਕਰਦਾ ਸੀ। ਮ੍ਰਿਤਕ ਵਿਅਕਤੀ ਦਿਵਿਆਂਗ ਵੀ ਦੱਸਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੰਟੂ ਦੇ ਰਿਸ਼ਤੇਦਾਰ ਮੋਹਨ ਦਾਸ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਸਵੇਰੇ ਚਿੰਟੂ ਕੁਮਾਰ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਕਾਨੂੰਨ ਰੋਡ ’ਤੇ ਉਸਦੇ ਮੋਟਰਸਾਈਕਲ ਨੂੰ ਕਾਰ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਉਹ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਮ੍ਰਿਤਕ ਚਿੰਟੂ ਦੀ ਪਤਨੀ ਸੰਗੀਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਕਾਰ ਚਾਲਕ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਮ੍ਰਿਤਕ ਚਿੰਟੂ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ। ਉਕਤ ਮਾਮਲੇ ਦੇ ਸਬੰਧ ’ਚ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ 112 ਕੰਟਰੋਲ ਰੂਮ ਤੋਂ ਹਾਦਸੇ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਫਿਰ ਸ਼ਨੀਚਰਵਾਰ ਦੀ ਸਵੇਰ ਨੂੰ ਉਹ ਮ੍ਰਿਤਕ ਦੇ ਘਰ ਗਏ ਸਨ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਕਿਹਾ ਸੀ, ਪਰ ਪਰਿਵਾਰ ਨੇ ਕਿਹਾ ਕਿ ਪਹਿਲਾਂ ਐਫ ਆਈਆਰ ਦਰਜ ਕਰੋ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਭਰੋਸੇ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੇ ਧਰਨਾ ਖਤਮ ਕੀਤਾ।