- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਵੋਟਰ ਦਿਵਸ ਮੌਕੇ ਵਿਦਿਆਰਥਣਾਂ ਨੂੰ ਲੋਕਤੰਤਰਕ ਜਾਗਰੂਕਤਾ ਦਾ ਦਿੱਤਾ ਸੰਦੇਸ਼

ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ, ਅਧਿਕਾਰ ਤੇ ਜ਼ਿੰਮੇਵਾਰੀ ਪ੍ਰਤੀ ਪ੍ਰਗਟਾਏ ਵਿਚਾਰ
-ਵਿਦਿਆਰਥੀਆਂ ਤੇ ਸਟਾਫ ਨੇ ਵੋਟਰ ਜਾਗਰੂਕਤਾ ਦੀ ਲਿਆ ਪ੍ਰਣ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੇਨ ਗੁਰਦਾਸਪੁਰ ਦੇ ਪੋਲਿਟਿਕਲ ਸਾਇੰਸ ਵਿਭਾਗ, ਇਲੈਕਟੋਰਲ ਲਿਟਰੇਸੀ ਕਲੱਬ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਸਦਕਾ 16ਵਾਂ ਰਾਸ਼ਟਰੀ ਵੋਟਰ ਦਿਵਸ ਬੜੇ ਹੀ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀ ਵਿਸ਼ੇਸ਼ ਹਾਜ਼ਰੀ ਰਹੀ। ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਗੁਰਦਾਸਪੁਰ/ਐੱਸਡੀਐੱਮ ਦਫ਼ਤਰ ਰਹੇ। ਉਨ੍ਹਾਂ ਦੇ ਨਾਲ ਰਣਜੀਤ ਸਿੰਘ ਬੁਟਰ ਇਲੈਕਸ਼ਨ ਕਾਨੂੰਗੋ, ਰਛਪਾਲ ਸਿੰਘ ਅਤੇ ਅਸ਼ਵਨੀ ਮਹਾਜਨ ਦੋਨੋਂ ਸੈਕਟਰ ਅਫ਼ਸਰ ਅਤੇ ਦੀਪਕ ਇਲੈਕਸ਼ਨ ਆਈਟੀ ਸੈੱਲ,ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਰੰਗੋਲੀ, ਭਾਸ਼ਣ, ਕਵਿਤਾਵਾਂ ਅਤੇ ਪਾਵਰ ਪੁਆਇੰਟ ਪ੍ਰਸਤੁਤੀਆਂ ਰਾਹੀਂ ਵੋਟ ਦੇ ਅਧਿਕਾਰ, ਲੋਕਤੰਤਰ ਦੀ ਮਹੱਤਤਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਫ਼ਰਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਕੰਧ ਪਤ੍ਰਿਕਾ ‘ਤੇ ਵੋਟਰ ਜਾਗਰੂਕਤਾ ਨਾਲ ਸੰਬੰਧਿਤ ਪ੍ਰਭਾਵਸ਼ਾਲੀ ਸਲੋਗਨ ਪ੍ਰਦਰਸ਼ਿਤ ਕੀਤੇ ਗਏ। ਸਮਾਗਮ ਦੌਰਾਨ ਸਾਰੇ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਵੋਟਰ ਜਾਗਰੂਕਤਾ ਦੀ ਸਹੁੰ ਵੀ ਚੁੱਕੀ ਗਈ।
ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ ਅਤੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੇ ਸੁਰੱਖਿਆਕਰਤਾ ਬਣਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸਮਾਗਮ ਵਿਦਿਆਰਥਣਾਂ ਵਿੱਚ ਨਾਗਰਿਕ ਫ਼ਰਜ਼ਾਂ ਦੀ ਸਮਝ ਪੈਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਸਦਾ ਹੀ ਵਿਦਿਆਰਥਣਾਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਆਯੋਜਕ ਵਿਭਾਗਾਂ ਅਤੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।
ਇਸ ਸਮਾਗਮ ਵਿੱਚ 50 ਵਿਦਿਆਰਥਣਾਂ ਅਤੇ 3 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਪ੍ਰੋਗਰਾਮ ਲੋਕਤੰਤਰਕ ਚੇਤਨਾ ਦਾ ਮਜ਼ਬੂਤ ਸੰਦੇਸ਼ ਦੇ ਕੇ ਸਮਾਪਤ ਹੋਇਆ। ਇਸ ਸਾਰੇ ਪ੍ਰੋਗਰਾਮ ਦੇ ਇੰਚਾਰਜ ਦਲਜਿੰਦਰ ਕੌਰ ਵਾਇਸ ਪ੍ਰਿੰਸੀਪਲ, ਪੁਨੀਤਾ ਸਹਿਗਲ ਅਤੇ ਸਮਿਤਾ ਖਜੂਰੀਆ ਸਨ।