ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਕੀਤੀ ਬੈਠਕ
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਕੀਤੀ ਬੈਠਕ
Publish Date: Sun, 22 Mar 2026 04:33 PM (IST)
Updated Date: Sun, 22 Mar 2026 04:34 PM (IST)

ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਦੋਰਾਂਗਲਾ : 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪਿੰਡ ਸੰਘੋਰ ਵਿਖੇ ਕੀਤੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਘਰਾਂ ਦੀ ਪਿਛਲੇ ਸਾਲ ਹੋਈ ਆਨਲਾਈਨ ਰਜਿਸਟ੍ਰੇਸ਼ਨ ਸਬੰਧੀ ਗਰਾਂਟਾਂ ਆ ਚੁੱਕੇ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਤੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਲਿਸਟਾਂ ਵਿਚ ਨਾਮ ਨਾ ਹੋਣ ਕਾਰਨ, ਗਰਾਂਟਾਂ ਤੋਂ ਵਾਂਝੇ ਰਹਿਣ ਖਿਲਾਫ ਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਆਦੀਆਂ ਵਿਖੇ ਦੋ ਪੁਲਿਸ ਮੁਲਾਜ਼ਮਾਂ ਦੇ ਹੋਏ ਕਤਲ ਉਪਰੰਤ ਪਿੰਡ ਦੇ ਹੀ ਨੌਜਵਾਨ ਰਣਜੀਤ ਸਿੰਘ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੀ ਸਖਤ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਆਗੂ ਬਿਮਲ ਕੌਰ, ਇਲਾਕਾ ਆਗੂ ਰਛਪਾਲ ਸਿੰਘ ਤੇ ਰਮੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਘਰਾਂ ਲਈ ਆਨਲਾਈਨ ਰਜਿਸਟ੍ਰਸ਼ਨ ਹੋਈ ਸੀ। ਉਸ ਤਹਿਤ ਗਰਾਂਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਵੱਡੇ ਪੱਧਰ ਤੇ ਅਜੇ ਤੱਕ ਵੀ ਜੋ ਲੋੜਵੰਦ ਹਨ ਉਹ ਗਰਾਂਟਾਂ ਤੋਂ ਵਾਂਝੇ ਹਨ। ਸਬੰਧਤ ਦਫਤਰ ਵੱਲੋਂ ਇਸ ਸਬੰਧੀ ਲਾਰੇ-ਲੱਪੇ ਵਾਲੀ ਨੀਤੀ ਅਪਣਾਉਣ ਦੇ ਚਲਦਿਆਂ ਇਸ ਪਿੰਡ ਤੇ ਸਮੁੱਚੇ ਇਲਾਕੇ ਦੇ ਲੋੜਵੰਦਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।