ਸਿਹਤ ਵਿਭਾਗ ਦੀ ਭਰਤੀ ਪ੍ਰਕਿਰਿਆ ਦੌਰਾਨ ਲੱਗੀਆਂ ਕਤਾਰਾਂ, ਉਮੀਦਵਾਰ ਪਰੇਸ਼ਾਨ
ਸਿਹਤ ਵਿਭਾਗ ਦੀ ਭਰਤੀ ਪ੍ਰਕਿਰਿਆ ਦੌਰਾਨ ਲੱਗੀਆਂ ਲੰਮੀਆਂ ਕਤਾਰਾਂ, ਉਮੀਦਵਾਰ ਹੋਏ ਪਰੇਸ਼ਾਨ
Publish Date: Fri, 17 Apr 2026 06:19 PM (IST)
Updated Date: Sat, 18 Apr 2026 04:07 AM (IST)

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸਿਹਤ ਵਿਭਾਗ ’ਚ ਬੀਐੱਸਸੀ ਨਰਸਿੰਗ, ਜੀਐੱਨਐੱਮ, ਏਐੱਨਐੱਮ ਤੇ ਫਾਰਮਾਸਿਸਟ ਦੇ 40 ਅਹੁਦਿਆਂ ਤੇ ਭਰਤੀ ਲਈ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ ’ਚ ਉਮੀਦਵਾਰਾਂ ਦੀ ਭਾਰੀ ਭੀੜ ਉਮੜ ਪਈ। ਜਾਣਕਾਰੀ ਦੀ ਘਾਟ ਕਾਰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ, ਜਿਸ ਨਾਲ ਉਮੀਦਵਾਰਾਂ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਿਹਤ ਵਿਭਾਗ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਬੀਐੱਸਸੀ ਨਰਸਿੰਗ ਤੇ ਜੀਐੱਨਐੱਮ ਦੇ ਅਹੁਦਿਆਂ ਲਈ ਇੰਟਰਵਿਊ 17 ਤੇ 20 ਅਪ੍ਰੈਲ ਨੂੰ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਦਕਿ ਏਐੱਨਐੱਮ ਦੀ ਇੰਟਰਵਿਊ 21 ਤੇ ਫਾਰਮਾਸਿਸਟ ਦੀ 22 ਅਪ੍ਰੈਲ ਨੂੰ ਨਿਰਧਾਰਤ ਕੀਤੀ ਗਈ ਹੈ। ਵਿਭਾਗ ਨੇ ਸਿਰਫ਼ ਕੁਝ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਪਰ ਬੇਰੁਜ਼ਗਾਰੀ ਅਤੇ ਸਿਹਤ ਖੇਤਰ ਵਿੱਚ ਵੱਧ ਰਹੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਸੈਂਕੜੇ ਉਮੀਦਵਾਰ ਇੰਟਰਵਿਊ ਵਿੱਚ ਸ਼ਾਮਲ ਹੋਣ ਪਹੁੰਚ ਗਏ। ਸਵੇਰ ਤੋਂ ਹੀ ਸਿਵਲ ਸਰਜਨ ਦਫ਼ਤਰ ਵਿੱਚ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਪਰਿਸਰ ਵਿੱਚ ਅਵਿਵਸਥਾ ਇੰਨੀ ਵੱਧ ਗਈ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਸਥਿਤੀ ਨੂੰ ਕਾਬੂ ਕਰਨ ਲਈ ਜੂਝਦੇ ਰਹੇ। ਇੰਟਰਵਿਊ ਦੇਣ ਪਹੁੰਚੇ ਉਮੀਦਵਾਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ਸਿਰ ਸਹੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਸਨ। ਵਿਭਾਗ ਨੂੰ ਪਹਿਲਾਂ ਹੀ ਅੰਦਾਜ਼ਾ ਹੋਣਾ ਚਾਹੀਦਾ ਸੀ ਕਿ ਇੰਨੇ ਘੱਟ ਅਹੁਦਿਆਂ ਤੇ ਇੰਨੀ ਵੱਧ ਗਿਣਤੀ ’ਚ ਉਮੀਦਵਾਰ ਆਉਣਗੇ ਪਰ ਉਨ੍ਹਾਂ ਸਹੀ ਪ੍ਰਬੰਧ ਨਹੀਂ ਕੀਤਾ ਸੀ। ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਪ੍ਰਭਾਕਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਨੇ ਇੰਟਰਵਿਊ ਲਈ ਉਚਿਤ ਵਿਵਸਥਾ ਕਰ ਰੱਖੀ ਹੈ। ਇਸ ਤੋਂ ਇਲਾਵਾ ਇੰਟਰਵਿਊ ਦੇ ਸ਼ਡਿਊਲ ਦਾ ਨੋਟਿਸ ਵੀ ਲਗਾਇਆ ਗਿਆ ਹੈ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਲੋਕਾਂ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਤੇ ਆਪਣੀ ਵਾਰੀ ਤੇ ਹੀ ਇੰਟਰਵਿਊ ਲਈ ਪਹੁੰਚਣਾ ਚਾਹੀਦਾ ਹੈ।