ਬਾਈਕ ਸਵਾਰ ਏਟੀਐੱਮ ਦੀ ਕੰਧ ਨਾਲ ਟਕਰਾਏ, ਇਕ ਦੀ ਮੌਤ ਦੂਜਾ ਗੰਭੀਰ
ਦੇਰ ਰਾਤ ਮੋਟਰਸਾਈਕਲ ਸਵਾਰ ਏਟੀਐੱਮ ਦੀ ਕੰਧ ਨਾਲ ਟੱਕਰਾਏ
Publish Date: Sat, 14 Mar 2026 06:25 PM (IST)
Updated Date: Sun, 15 Mar 2026 04:10 AM (IST)

ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ ਬਟਾਲਾ : ਬੀਤੀ ਦੇਰ ਰਾਤ ਬਟਾਲਾ ਦੇ ਪਹਾੜੀ ਗੇਟ ਏਟੀਐੱਮ ਨੇੜੇ ਮੋਟਰਸਾਈਕਲ ਸਵਾਰ ਏਟੀਐੱਮ ਦੀ ਕੰਧ ਨਾਲ ਜਾ ਟਕਰਾਏ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੇਵਰਾਜ ਪੁੱਤਰ ਬਾਲ ਕਿਸ਼ਨ ਵਾਸੀ ਨੇਪਾਲ ਹਾਲਵਾਸੀ ਬਟਾਲਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਵਿਸ਼ੂ ਵਾਸੀ ਕਟੜਾ ਵਜੋਂ ਹੋਈ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੀ ਟੱਕਰ ਨਾਲ ਏਟੀਐੱਮ ਦੁਕਾਨ ਦੀ ਬਾਹਰੀ ਕੰਧ ਨੂੰ ਵੀ ਭਾਰੀ ਨੁਕਸਾਨ ਪੁੱਜਾ ਅਤੇ ਮੋਟਰਸਾਈਕਲ ਦਾ ਵੀ ਭਾਰੀ ਨੁਕਸਾਨ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿੰਘ ਸੰਜੀਵ ਕੁਮਾਰ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਰਾਤ ਦੀ ਗਸ਼ਤ ਤੇ ਸੀ ਜਦੋਂ ਉਨ੍ਹਾਂ ਨੇ ਲਵ-ਕੁਸ਼ ਚੌਕ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਨਾਲ ਪਹਾੜੀ ਗੇਟ ਵੱਲ ਜਾਂਦੇ ਦੇਖਿਆ। ਜਦੋਂ ਉਹ ਏਟੀਐਮ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਸਾਈਕਲ ਇੱਕ ਦੁਕਾਨ ਨਾਲ ਟਕਰਾ ਗਈ। ਹਾਦਸੇ ’ਚ ਦੋਵੇਂ ਮੋਟਰਸਾਈਕਲ ਸਵਾਰ ਵਿਸ਼ੂ ਅਤੇ ਦੇਵਰਾਜ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ, ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਸੌਂ ਰਹੇ ਸਨ ਜਦੋਂ ਅਚਾਨਕ ਉਨ੍ਹਾਂ ਨੂੰ ਤੇਜ਼ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇਖਿਆ ਕਿ ਬਾਈਕ ਸਵਾਰ ਦੋ ਨੌਜਵਾਨ ਹਾਦਸੇ ਕਾਰਨ ਗੰਭੀਰ ਜ਼ਖਮੀ ਹੋ ਗਏ ਸਨ। ਦੋਵਾਂ ਨੌਜਵਾਨਾਂ ਦੀਆਂ ਲੱਤਾਂ, ਬਾਹਾਂ ਅਤੇ ਸਿਰ ’ਤੇ ਡੂੰਘੀਆਂ ਸੱਟਾਂ ਸਨ। ਸਿਵਲ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ, ਦੋ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਆਂਦਾ ਗਿਆ । ਦੋਵਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਸੀ ਅਤੇ ਪਹਾੜੀ ਗੇਟ ਨੇੜੇ ਹੋਏ ਹਾਦਸੇ ’ਚ ਜ਼ਖਮੀ ਹੋ ਗਏ। ਡਾਕਟਰ ਨੇ ਦੱਸਿਆ ਕਿ ਦੋਵਾਂ ਦੇ ਸਿਰ ,ਬਾਹਾਂ ਅਤੇ ਲੱਤਾਂ ਤੇ ਡੂੰਘੀਆਂ ਸੱਟਾਂ ਲੱਗੀਆਂ ਹਨ, ਜਦੋਂ ਕਿ ਇੱਕ ਨੌਜਵਾਨ ਦੀ ਲੱਤ ਟੁੱਟ ਗਈ ਸੀ। ਉਨ੍ਹਾਂ ਦੀ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਸਿਟੀ ਦੇ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਦੇਵਰਾਜ ਦੀ ਮੌਤ ਹੋ ਗਈ, ਜਦੋਂ ਕਿ ਵਿਸ਼ੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਇਸ ਸਬੰਧੀ ਢੁਕਵੀਂ ਕਾਰਵਾਈ ਕਰ ਰਹੀ ਹੈ।