ਕਿਸਾਨਾਂ ’ਤੇ ਜਬਰ ਢਾਹੁਣ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ
ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ’ਤੇ ਜਬਰ ਢਾਹੁਣ ਵਿਰੁੱਧ ਪੰਜਾਬ ਸਰਕਾਰ ਖਿਲਾਫ ਕੀਤਾ ਅਰਥੀ ਫੂਕ ਪ੍ਰਦਰਸ਼ਨ
Publish Date: Sat, 07 Feb 2026 04:38 PM (IST)
Updated Date: Sun, 08 Feb 2026 04:02 AM (IST)
ਗੁਰਦਾਸਪੁਰ: ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਵਿੱਚ ਮਾਨ ਸਰਕਾਰ ਖ਼ਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ। ਜ਼ਿਕਰਯੋਗ ਹੈ ਕਿ ਕੱਲ੍ਹ ਬੀਕੇਯੂ ਉਗਰਾਹਾਂ ਦੇ ਕਾਰਕੁਨਾਂ ਅਤੇ ਆਗੂਆਂ ਤੇ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ, ਜਗ੍ਹਾ-ਜਗ੍ਹਾ ਲਾਠੀਚਾਰਜ ਕੀਤਾ ਗਿਆ ਅਤੇ ਬਠਿੰਡੇ ਵਿੱਚ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ। ਇਸੇ ਦੇ ਚਲਦੇ ਪੰਜਾਬ ਸਰਕਾਰ ਦੀ ਕਾਰਵਾਈ ਖ਼ਿਲਾਫ਼ ਗੁਰਦਾਸਪੁਰ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਗ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਵਿੱਚ ਜਮਹੂਰੀਅਤ ਦਾ ਗਲ ਘੁਟਣ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹਰੇਕ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ ਅਤੇ ਉਸੇ ਹੱਕ ਤਹਿਤ ਹੀ ਬੀਕੇਯੂ ਉਗਰਾਹਾਂ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਲਹਿਰ ਨੂੰ ਕੁਚਲਣ ਦੇ ਪਿੱਛੇ ਮਨਸ਼ਾ ਇਹ ਹੈ ਕਿ ਬਿਜਲੀ ਬਿੱਲ, ਬੀਜ ਬਿੱਲ ਅਤੇ ਮੁਕਤ ਵਪਾਰ ਸਮਝੌਤਿਆਂ ਨੂੰ ਲਾਗੂ ਕਰਨ ਦੇ ਵਿੱਚ ਕਿਸਾਨ ਲਹਿਰ ਅੜਿੱਕਾ ਬਣੀ ਹੋਈ ਹੈ ਜਿਸਦੇ ਚਲਦਿਆਂ ਹੀ ਲਗਾਤਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਚੱਲਦਿਆਂ ਕਿਸਾਨਾਂ ਤੇ ਜਬਰ ਢਾਹ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਜਬਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨੂੰ ਫੌਰੀ ਰਿਹਾ ਕਰਨਾ ਚਾਹੀਦਾ ਹੈ। ਇਸ ਮੌਕੇ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ, ਦਲਜੀਤ ਸਿੰਘ ਤਲਵੰਡੀ ਦੀਨਾਨਾਥ, ਚੰਨਣ ਸਿੰਘ ਦੋਰਾਂਗਲਾ, ਸਾਗਰ ਸਿੰਘ ਭੋਲਾ, ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰਪਾਲ ਘੁਰਾਲਾ ਨੇ ਸੰਬੋਧਨ ਕੀਤਾ।