ਕਿਰਤੀ ਕਿਸਾਨ ਯੂਨੀਅਨ ਨੇ ਕੱਲ੍ਹ ਦੇ ਧਰਨੇ ਦੀ ਤਿਆਰੀਆਂ ਸਬੰਧੀ ਪਿੰਡਾਂ ’ਚ ਕੀਤੀਆਂ ਬੈਠਕਾਂ
ਕਿਰਤੀ ਕਿਸਾਨ ਯੂਨੀਅਨ ਨੇ 9 ਮਾਰਚ ਦੇ ਧਰਨੇ ਦੀ ਤਿਆਰੀਆਂ ਸਬੰਧੀ ਪਿੰਡਾਂ ਵਿੱਚ ਕੀਤੀਆਂ ਬੈਠਕਾਂ
Publish Date: Sat, 07 Mar 2026 03:40 PM (IST)
Updated Date: Sun, 08 Mar 2026 04:00 AM (IST)
- ਪਰਿਵਾਰ ਤੇ ਐਕਸ਼ਨ ਕਮੇਟੀ ਉੱਪਰ ਦਬਾਅ ਪਾਉਣ ਦੀ ਬਜਾਏ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰੇ ਪੁਲਿਸ : ਸਤਬੀਰ ਸੁਲਤਾਨੀ
ਜੀਆਰਪੀ- ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ।
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ
ਦੋਰਾਂਗਲਾ : ਰਣਜੀਤ ਸਿੰਘ ਆਦੀਆਂ ਝੂਠਾ ਪੁਲਿਸ ਮੁਕਾਬਲਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ 9 ਮਾਰਚ 2026 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਲੱਗ ਰਹੇ ਧਰਨੇ ਦੀ ਤਿਆਰੀ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਨੌਸ਼ਹਿਰਾ, ਗਾਲੜੀ ਵਿਖੇ ਕਿਸਾਨਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਖੇਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਪੁਲਿਸ ਰਾਜ ’ਚ ਬਦਲ ਰਹੀ ਹੈ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਉੱਤਰ ਪ੍ਰਦੇਸ਼ ਨਾਲੋਂ ਵੱਖਰੇ ਨਹੀਂ ਹਨ। ਇੱਥੇ ਵੀ ਹਰ ਰੋਜ਼ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਤੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਬਣਾਉਣਾ ਇਹ ਦਰਸਾਉਂਦਾ ਹੈ ਕਿ ਪੁਲਿਸ ਅਦਾਲਤਾਂ ਤੋਂ ਉੱਪਰ ਹੈ। ਪੁਲਿਸ ਵਿਭਾਗ ਨੂੰ ਇਹ ਸਾਰੀ ਖੁੱਲ ਪੰਜਾਬ ਸਰਕਾਰ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂ ਮੋਟੋ ਲੈ ਕੇ ਮਾਮਲੇ ਨੂੰ ਆਪਣੇ ਅਧੀਨ ਲੈ ਲਿਆ ਹੈ ਪਰੰਤੂ ਐਕਸ਼ਨ ਕਮੇਟੀ ਪੁਲਿਸ ਮੁਲਾਜ਼ਮਾਂ ਤੇ ਕਤਲ ਦਾ ਪਰਚਾ ਦਰਜ ਕਰਵਾਉਣ ਤੱਕ ਸੰਘਰਸ਼ ਕਰੇਗੀ।
ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ 9 ਮਾਰਚ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਧਰਨੇ ਦਾ ਹਿੱਸਾ ਬਣਨਗੇ ਅਤੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਆਗੂਆਂ ਦਬਾਅ ਪਾਉਣ ਦੀ ਬਜਾਏ ਮੁਲਜ਼ਮ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰੇ ਤਾਂ ਜੋ ਪਰਿਵਾਰ ਨੂੰ ਇਨਸਾਫ਼ ਦੇਣਾ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਲਖਵਿੰਦਰ ਸਿੰਘ ਲੱਖਾ, ਜਸਵਿੰਦਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।