ਜੇਲ੍ਹ 'ਚੋਂ ਆ ਕੇ ਬਣੀ ਚੇਅਰਮੈਨ: ਜੱਗੂ ਭਗਵਾਨਪੁਰੀਆ ਦੀ ਮਾਸੀ ਨੇ 11 ਵੋਟਾਂ ਨਾਲ ਜਿੱਤੀ ਚੇਅਰਮੈਨੀ, ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਸੀ ਵੋਟਿੰਗ
ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਚੋਣ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋ ਗਈ। ਮਾਨਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਅਤੇ ਐਸ.ਡੀ.ਐਮ. ਅਦਿਤਿਆ ਸ਼ਰਮਾ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਪ੍ਰਕਿਰਿਆ ਦੌਰਾਨ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ।
Publish Date: Tue, 17 Mar 2026 04:05 PM (IST)
Updated Date: Tue, 17 Mar 2026 04:07 PM (IST)
ਡੇਰਾ ਬਾਬਾ ਨਾਨਕ (ਗੁਰਦਾਸਪੁਰ): ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਚੋਣ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋ ਗਈ। ਮਾਨਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਅਤੇ ਐਸ.ਡੀ.ਐਮ. ਅਦਿਤਿਆ ਸ਼ਰਮਾ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਪ੍ਰਕਿਰਿਆ ਦੌਰਾਨ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ।
ਚੋਣਾਂ ਦੌਰਾਨ ਹੋਈ ਬੈਲਟ ਪੇਪਰ ਵੋਟਿੰਗ ਵਿੱਚ ਆਜ਼ਾਦ ਉਮੀਦਵਾਰ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ (ਜ਼ੋਨ 9, ਦਰਗਾਬਾਦ) ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਚੇਅਰਮੈਨ: ਰਾਜਵਿੰਦਰ ਕੌਰ ਨੂੰ 11 ਵੋਟਾਂ ਮਿਲੀਆਂ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰੇਸ਼ਮ ਪੱਡਾ ਨੂੰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਵੋਟ ਸਮੇਤ ਸਿਰਫ਼ 8 ਵੋਟਾਂ ਹੀ ਪ੍ਰਾਪਤ ਹੋਈਆਂ।
ਵਾਈਸ ਚੇਅਰਮੈਨ: ਇਸ ਅਹੁਦੇ 'ਤੇ 'ਆਪ' ਦੀ ਰਜਵੰਤ ਕੌਰ ਧਾਰੋਵਾਲੀ ਨੇ 11 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਉਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਵਿਰੋਧੀ ਉਮੀਦਵਾਰ ਰਾਜਵੀਰ ਕੌਰ (7 ਵੋਟਾਂ) ਨੂੰ ਹਰਾਇਆ।
ਹਾਈਕੋਰਟ ਦੇ ਹੁਕਮਾਂ 'ਤੇ ਹੋਈ ਵੀਡੀਓਗ੍ਰਾਫੀ
ਰਾਜਵਿੰਦਰ ਕੌਰ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਡੀ.ਸੀ. ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫੀ ਰਾਹੀਂ ਕਰਵਾਈਆਂ ਜਾਣ। ਇਸੇ ਤਹਿਤ ਰਾਜਵਿੰਦਰ ਕੌਰ ਨੂੰ ਵੋਟ ਪਾਉਣ ਲਈ ਵਿਸ਼ੇਸ਼ ਤੌਰ 'ਤੇ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਲਿਆਂਦਾ ਗਿਆ ਸੀ।
ਸਿਆਸੀ ਚਰਚਾ ਦਾ ਵਿਸ਼ਾ
ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਸਮਰਥਨ ਦੇ ਬਾਵਜੂਦ 'ਆਪ' ਦੇ ਚੇਅਰਮੈਨ ਉਮੀਦਵਾਰ ਦੀ ਹਾਰ ਅਤੇ ਰਾਜਵਿੰਦਰ ਕੌਰ ਦੀ ਜਿੱਤ ਨੇ ਇਲਾਕੇ ਵਿੱਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਐਡਵੋਕੇਟ ਕਰਨਜੀਤ ਸਿੰਘ ਅਤੇ ਐਡਵੋਕੇਟ ਰਿੰਕੂ ਬਾਦਸ਼ਾਹ ਨੇ ਇਸ ਨੂੰ ਲੋਕਤੰਤਰ ਅਤੇ ਪਾਰਦਰਸ਼ਤਾ ਦੀ ਜਿੱਤ ਦੱਸਿਆ ਹੈ।
ਐਸ.ਡੀ.ਐਮ. ਅਦਿਤਿਆ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਈ ਹੈ ਅਤੇ ਨਵੇਂ ਚੁਣੇ ਗਏ ਨੁਮਾਇੰਦਿਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ।