ਹੱਥੀੰ ਸ਼ੁੱਧ ਗੁੜ ਬਣਾ ਕੇ ਚੋਖੀ ਕਮਾਈ ਕਰ ਰਹੇ ਨੇ ਪੜੇ ਲਿਖੇ ਪਿਓ ਪੁੱਤਰ
ਹੱਥੀੰ ਸ਼ੁੱਧ ਗੁੜ ਬਣਾ ਕੇ ਚੋਖੀ ਕਮਾਈ ਕਰ
Publish Date: Sat, 03 Jan 2026 04:38 PM (IST)
Updated Date: Sun, 04 Jan 2026 04:05 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਮਹਿੰਗਾਈ ਦੇ ਦੌਰ ’ਚ ਪੰਜਾਬ ਦਾ ਬੇਰੁਜ਼ਗਾਰ ਨੌਜਵਾਨ ਵਰਗ ਲੱਖਾਂ ਰੁਪਏ ਖਰਚ ਕਰਕੇ ਰੋਜੀ ਰੋਟੀ ਲਈ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ, ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਸਤਕੋਟ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਸਕੇ ਭਰਾ ਰਵਨੀਤ ਸਿੰਘ ਤੇ ਮਨਮੋਹਿਤ ਸਿੰਘ ਆਪਣੇ ਪਿਤਾ ਮਾਸਟਰ ਰਣਜੋਧ ਸਿੰਘ ਸਮੇਤ ਆਪਣੇ ਹੱਥਾਂ ਨਾਲ ਸ਼ੁੱਧ ਗੁੜ ਬਣਾ ਕੇ ਚੋਖੀ ਕਮਾਈ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਆਪਣੇ ਖੇਤਾਂ ਵਿੱਚ ਉਗਾਏ ਗੰਨਿਆਂ ਦੇ ਰਸ ਨੂੰ ਫਿਲਟਰ ਕਰਕੇ ਤਿਆਰ ਕੀਤੇ ਗੁੜ ਨੂੰ ਦੂਰ ਦੁਰਾਡੇ ਤੋਂ ਲੋਕ 100 ਰੁਪਏ ਪ੍ਰਤੀ ਕਿੱਲੋ ਹੱਥੋਂ-ਹੱਥੀ ਖਰੀਦ ਰਹੇ ਹਨ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਬਟਾਲਾ ਰੋਡ ਸਥਿਤ ਪਿੰਡ ਮਸਤਕੋਟ ਤੇ ਹੱਥੀ ਗੁੜ ਤਿਆਰ ਕਰ ਗੈਜੂਏਸ਼ਨ ਪਾਸ ਵੱਡੇ ਭਰਾ ਰਵਨੀਤ ਸਿੰਘ ਤੇ ਬੇਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਜੀਐੱਨਐੱਮ ਅਤੇ ਗ੍ਰੈਜੂਏਸ਼ਨ ਪਾਸ ਕਰ ਚੁੱਕੇ ਮਨਮੋਹਿਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਲ ਪੱਧਰ ’ਤੇ ਛੋਟੀ ਮੋਟੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲਈ ਵੱਡੀ ਜੱਦੋ-ਜਹਿਦ ਕਰਨ ਦੇ ਬਾਵਜੂਦ ਵੀ ਨੌਕਰੀ ਨਸੀਬ ਨਾ ਹੋਣ ’ਤੇ ਉਨ੍ਹਾਂ ਦੇ ਪਿਤਾ ਰਣਜੋਧ ਸਿੰਘ ਜੋ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾ ਚੁੱਕੇ ਹਨ ਗੁੜ ਤਿਆਰ ਕਰਕੇ ਵੇਚ ਰਹੇ ਹਨ। ਉਸ ਨੇ ਦੱਸਿਆ ਕਿ ਜ਼ਮੀਨ ਵੇਚ ਕੇ ਤਿੰਨ ਵਾਰ ਕੈਨੇਡਾ ਅਤੇ ਇਕ ਵਾਰ ਆਸਟ੍ਰੇਲੀਆ ਵਿਚ ਪੜ੍ਹਾਈ ਅਤੇ ਰੁਜ਼ਗਾਰ ਲਈ ਲੱਖ ਰੁਪਏ ਖ਼ਰਚ ਕੀਤੇ ਗਏ, ਪ੍ਰੰਤੂ ਕਦੇ ਕੋਰੋਨਾ ਦੀ ਮਾਰ ਅਤੇ ਕਦੇ ਏਜੰਟਾਂ ਦੀ ਮਾਰ ਕਾਰਨ ਉਨ੍ਹਾਂ ਨੂੰ ਨਾ ਦੇਸ਼ ਤੇ ਨਾ ਵਿਦੇਸ਼ ਵਿਚ ਰੁਜ਼ਗਾਰ ਪ੍ਰਾਪਤ ਹੋ ਸਕਿਆ। ਆਖ਼ਿਰ ਉਨ੍ਹਾਂ ਵੱਲੋਂ ਹੁਣ ਹੱਥੀਂ ਮਿਹਨਤ ਕਰਕੇ ਆਪਣੇ ਖੇਤਾਂ ਵਿੱਚ ਹੀ ਬਿਜਾਈ ਕੀਤੇ ਗੰਨੇ ਦੀ ਪਿੜਾਈ ਕਰ ਕੇ ਸ਼ੁੱਧ ਗੁੜ ਕੱਢ ਕੇ ਵੇਚਣਾ ਸ਼ੁਰੂ ਕੀਤਾ ਉਨ੍ਹਾਂ ਕਿਹਾ ਕਿ ਸ਼ੁੱਧ ਅਤੇ ਪਿਓਰ ਗੁੜ ਦੀ ਧੁੰਮ ਜ਼ਿਲ੍ਹਾ ਗੁਰਦਾਸਪੁਰ , ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਹੋਣ ਕਾਰਨ ਉਹਨਾਂ ਵੱਲੋਂ ਤਿਆਰ ਕੀਤਾ ਗੁਰ ਹੱਥੋ ਹੱਥ ਹੀ ਵਿਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਸਮੇਂ ਉਨ੍ਹਾਂ ਵੱਲੋਂ ਗੰਨੇ ਦੀ ਬਿਜਾਈ ਘੱਟ ਕਰਨ ਕਰਕੇ ਗੰਨਾ ਕਾਸ਼ਤਕਾਰਾਂ ਕੋਲੋਂ ਮੁੱਲ ਗੰਨਾ ਖ਼ਰੀਦ ਕੇ ਗੁੜ ਤਿਆਰ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਇਸ ਵਾਰ ਉਨ੍ਹਾਂ ਨੇ ਆਪਣੀ 2 ਏਕੜ ਤੋਂ ਵੱਧ ਜ਼ਮੀਨ ਵਿੱਚ ਗੰਨੇ ਦੀ ਬਜਾਈ ਕੀਤੀ ਸੀ ਅਤੇ ਵੱਡੇ ਪੱਧਰ ’ਤੇ ਗੁੜ ਤਿਆਰ ਕਰਨ ਕਰਕੇ 70 ਫੀਸਦੀ ਗੰਨੇ ਦਾ ਗੁੜ ਤਿਆਰ ਕੱਢ ਕੇ ਵੇਚਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 80 ਤੋਂ 90 ਲੀਟਰ ਗੰਨੇ ਦੇ ਰਸ ਵਿੱਚੋਂ 12 ਤੋਂ 14 ਕਿਲੋ ਕਿੱਲੋ ਵਧੀਆ ਗੁੜ ਆਸਾਨੀ ਨਾਲ ਤਿਆਰ ਹੈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਗੰਨੇ ਤੇ ਰਾਤ ਨੂੰ ਚਾਰ ਵਾਰ ਫਿਲਟਰ ਕਰਦੇ ਹਨ ਉਪਰੰਤ ਬਿਨਾਂ ਕਿਸੇ ਕੈਮੀਕਲ ਗੁੜ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਗੁੜ ਆਸ ਪਾਸ ਦੇ ਪਿੰਡਾਂ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚੋਂ ਲੋਕ ਖਰੀਦ ਕੇ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਸੌਗਾਤ ਵਜੋਂ ਭੇਜ ਰਹੇ ਹਨ। ਇਸ ਮੌਕੇ ਰਣਜੋਧ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਲੋਕ ਪੈਸੇ ਦੀ ਦੌੜ ਵਿੱਚ ਮਿਲਾਵਟੀ ਗੁੜ ਤਿਆਰ ਕਰਕੇ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਇਸ ਮੌਕੇ ਗ੍ਰੈਜੂਏਸ਼ਨ ਪਾਸ ਹੋਣਹਾਰ ਨੌਜਵਾਨ ਰਵਨੀਤ ਸਿੰਘ ਤੇ ਮਨਮੋਹਿਤ ਸਿੰਘ ਨੇ ਕਿਹਾ ਕਿ ਨੌਜਵਾਨ ਵਰਗ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਗੁਰੂਆਂ ਪੀਰਾਂ ਤੇ ਮਾਂ ਭੂਮੀ ਪੰਜਾਬ ਦੀ ਧਰਤੀ ’ਤੇ ਹੀ ਹੰਡ ਭੰਨਵੀਂ ਮਿਹਨਤ ਕਰ ਕੇ ਪੈਸਾ ਕਮਾਉਣ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਦੀ ਸੇਵਾ ਅਤੇ ਪੰਜਾਬ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਗੁੜ ਤਿਆਰ ਕਰਨ ਸਮੇਂ ਉਨ੍ਹਾਂ ਨੂੰ ਬਾਲਣ ਅਤੇ ਗੰਨੇ ਦੀ ਦਿੱਕਤ ਆ ਜੀ ਜਦ ਕਿ ਹੁਣ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਹੀਂ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਅੱਗ ਲਈ ਵਰਤਿਆ ਜਾਣ ਵਾਲਾ ਗੰਨੇ ਦਾ ਚੂਰਾ ਘੱਟ ਸੁੱਕ ਰਿਹਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਗੁੜ ਤਿਆਰ ਕਰਕੇ ਵੇਚ ਰਹੇ ਹਨ। ਰਵਨੀਤ ਮਨਮੋਹਿਤ ਤੇ ਉਨ੍ਹਾਂ ਦੇ ਪਿਤਾ ਰਣਜੋਧ ਸਿੰਘ ਨੇ ਦੱਸਿਆ ਕਿ ਸ਼ੁੱਧ ਗੁੜ ਦੀ ਡਿਮਾਂਡ ਜਿਆਦਾ ਹੋਣ ਕਾਰਨ ਉਹ ਪੂਰਾ ਗੁੜ ਤਿਆਰ ਨਹੀਂ ਕਰ ਪਾ ਰਹੇ ਅਤੇ ਆਉਣ ਵਾਲੇ ਸਮੇਂ ਵਿਚ ਗੰਨੇ ਦੀ ਬਿਜਾਈ ਵਿੱਚ ਵਾਧਾ ਕਰਨਗੇ। ਦੋਵਾਂ ਭਰਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਗੁੜ ਤਿਆਰ ਕਰਨ ਵਾਲੇ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ।