ਅੰਤਰਰਾਸ਼ਟਰੀ ਮੁਸਲਿਮ ਆਗੂ ਨੇ ਮੁਸਲਿਮ ਦੇਸ਼ਾਂ ’ਚ ਪੱਛਮੀ ਦਖ਼ਲ ਅੰਦਾਜ਼ੀ ਦੀ ਕੀਤੀ ਨਿੰਦਾ
ਅੰਤਰਰਾਸ਼ਟਰੀ ਮੁਸਲਿਮ ਨੇਤਾ ਵੱਲੋਂ ਮੁਸਲਿਮ ਦੇਸ਼ਾਂ ਵਿੱਚ ਪੱਛਮੀ ਦਖਲ ਅੰਦਾਜ਼ੀ ਦੀ ਕੀਤੀ ਨਿੰਦਾ
Publish Date: Sat, 07 Mar 2026 06:01 PM (IST)
Updated Date: Sun, 08 Mar 2026 04:12 AM (IST)

ਬੀਟੀਐੱਲ14 ਵਿਸ਼ਵ ਮੁਖੀ ਮੁਸਲਿਮ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ। ਤਾਰਿਕ ਅਹਿਮਦ , ਪੰਜਾਬੀ ਜਾਗਰਣ ਕਾਦੀਆਂ : ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈੱਸ ਸਕੱਤਰ ਮੌਲਾਨਾ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਆਪਣੇ ਹਫ਼ਤਾਵਾਰੀ ਜੁੰਮੇ ਖੁਤਬੇ ਦੌਰਾਨ ਮੁਸਲਿਮ ਜਮਾਤ ਅਹਿਮਦੀਆ ਦੇ ਵਿਸ਼ਵ ਮੁਖੀ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਮੁਸਲਿਮ ਦੇਸ਼ਾਂ ਨੂੰ ਇਹ ਨਸੀਹਤ ਕੀਤੀ ਹੈ ਕਿ ਉਹ ਆਪਣੀ ਖੁਸ਼ਹਾਲੀ ਲਈ ਵੱਡੀਆਂ ਤਾਕਤਾਂ ਦੀ ਬਜਾਏ ਅੱਲਾਹ ’ਤੇ ਭਰੋਸਾ ਕਰਨ ਆਪਸ ਵਿੱਚ ਏਕਤਾ ਨੂੰ ਤਰਜੀਹ ਦੇਣ ਅਤੇ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦਾ ਅਮਨਪੂਰਨ ਹੱਲ ਲੱਭਣ ਵੱਲ ਕੰਮ ਕਰਨ ਉਨ੍ਹਾਂ ਕਿਹਾ ਕਿ ਮੁਸਲਿਮ ਦੁਨੀਆਂ ਨੂੰ ਆਪਣੀ ਸੁਰੱਖਿਆ ਲਈ ਪੱਛਮੀ ਤਾਕਤਾਂ ’ਤੇ ਨਿਰਭਰ ਹੋਣ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਉਹਨਾਂ ਤਾਕਤਾਂ ਦੀਆਂ ਸਾਜ਼ਿਸ਼ਾਂ ਤੋਂ ਬਚਣ ਲਈ ਜੋ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ, ਅਮਨ ਨਾਲ ਇਕੱਠੇ ਹੋਣਾ ਚਾਹੀਦਾ ਹੈ। ਅਮਰੀਕਾ ਨੇ ਕਈ ਮੁਸਲਿਮ ਦੇਸ਼ਾਂ ਵਿੱਚ ਫੌਜੀ ਅੱਡੇ ਕਾਇਮ ਕੀਤੇ ਹੋਏ ਹਨ, ਪਰ ਕਿਸ ਮਕਸਦ ਲਈ ਆਖਰ ਇਹ ਦੇਸ਼ ਕਿਸ ਤੋਂ ਖਤਰੇ ਵਿੱਚ ਸਨ। ਆਪ ਜੀ ਨੇ ਫਰਮਾਇਆ ਜੇ ਪੱਛਮੀ ਦੇਸ਼ਾਂ ਦੀ ਸਥਿਤੀ ਨੂੰ ਵੇਖਿਆ ਜਾਵੇ ਤਾਂ ਕੁਝ ਟਿੱਪਣੀਕਾਰ ਖੁਦ ਇਹ ਦਰਸ਼ਾਉਣ ਲੱਗ ਪਏ ਹਨ ਕਿ ਜੇ ਇਸਰਾਇਲ ਅਮਰੀਕਾ ਜਾਂ ਕਿਸੇ ਵੀ ਪੱਛਮੀ ਦੇਸ਼ ਵਿੱਚ ਕੋਈ ਹਮਲਾ ਹੋਵੇ ਅਤੇ ਉਨ੍ਹਾਂ ਦੇ ਕੁਝ ਬੱਚੇ ਵੀ ਮਾਰੇ ਜਾਣ ਤਾਂ ਅਖਬਾਰ ਕਈ ਦਿਨਾਂ ਤੱਕ ਲੰਬੇ ਲੰਬੇ ਕਾਲਮ ਲਿਖ ਕੇ ਗੁੱਸੇ ਦਾ ਇਜ਼ਹਾਰ ਕਰਦੇ ਰਹਿੰਦੇ ਹਨ, ਪਰ ਇਰਾਨ ਵਿੱਚ ਇੱਕ ਸਕੂਲ ਤੇ ਬੰਬਾਰੀ ਹੁੰਦੀ ਹੈ ਅਤੇ ਸੈਂਕੜੇ ਬੱਚੇ ਮਾਰੇ ਜਾਂਦੇ ਹਨ ਤਾਂ ਮੁਸ਼ਕਿਲ ਨਾਲ ਕੋਈ ਆਵਾਜ਼ ਉਠਾਉਂਦਾ ਹੈ। ਉਨ੍ਹਾਂ ਖੁਤਬੇ ਦੇ ਸਮਾਪਨ ਤੇ ਦੁਨੀਆਂ ਵਿੱਚ ਅਮਨ ਲਈ ਦੁਆ ਕਰਦੇ ਹੋਏ ਕੀਤਾ ਅਤੇ ਜਮਾਤ ਅਹਿਮਦੀਆ ਮੁਸਲਿਮ ਦੇ ਮੈਂਬਰਾਂ ਨੂੰ ਵੀ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਹੋਣ ਅਤੇ ਹਰ ਤਰ੍ਹਾਂ ਦੀ ਨਾ ਇਨਸਾਫੀ ਅਤੇ ਜ਼ੁਲਮ ਦੇ ਖਾਤਮੇ ਲਈ ਦੁਆ ਕਰਨ ਦੀ ਅਪੀਲ ਕੀਤੀ।