ਜੇਕਰ ਦੋ ਦਿਨਾਂ ਅੰਦਰ ਸੜਕ ਨਾ ਬਣਾਈ ਗਈ ਤਾਂ ਕੀਤਾ ਜਾਵੇਗਾ ਚੱਕਾ ਜਾਮ : ਪ੍ਰਧਾਨ ਕੰਵਲਜੀਤ ਸਿੰਘ ਰੰਧਾਵਾ
ਜੇਕਰ ਦੋ ਦਿਨਾਂ ਅੰਦਰ ਸੜਕ ਨਾ ਬਣਾਈ ਗਈ ਤਾਂ ਕੀਤਾ ਜਾਵੇਗਾ ਚੱਕਾ ਜਾਮ : ਪ੍ਰਧਾਨ ਕੰਵਲਜੀਤ ਸਿੰਘ ਰੰਧਾਵਾ
Publish Date: Wed, 25 Feb 2026 04:20 PM (IST)
Updated Date: Wed, 25 Feb 2026 04:22 PM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ
ਕਿਲਾ ਲਾਲ ਸਿੰਘ : ਜੇਕਰ ਦੋ ਦਿਨਾਂ ਦੇ ਅੰਦਰ ਸੜਕ ਤੇ ਪ੍ਰੀਮਿਕਸ ਪਾ ਸੜਕ ਨਾਂ ਬਣਾਈ ਗਈ ਤਾਂ ਪੂਰੇ ਇਲਾਕੇ ਨੂੰ ਨਾਲ ਲੈ ਕੇ ਬਟਾਲਾ ਡੇਰਾ ਬਾਬਾ ਨਾਨਕ ਮੁੱਖ ਰੋਡ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੀਡਬਲਿਊਡੀ ਵਿਭਾਗ ਅਤੇ ਜੇਕੇ ਕੰਪਨੀ ਦੀ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ (ਸੜਕ ਬਣਾਓ ਸੰਘਰਸ਼) ਗੈਰ ਰਾਜਨੀਤਿਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਰੰਧਾਵਾ ਬਿਜਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾ ਇਸ ਰੋਡ ਦੀ ਹਾਲਤ ਕਾਫੀ ਗੰਭੀਰ ਸੀ। ਥਾਂ ਥਾਂ ’ਤੇ ਵੱਡੇ ਵੱਡੇ ’ਤੇ ਡੂੰਘੇ ਗੱਡੇ ਬਣੇ ਹੋਏ ਸਨ, ਜਿਸਦੀ ਵਜਾ ਨਾਲ ਇਸ ਰੋਡ ’ਤੇ ਰੋਜ਼ਾਨਾ ਜਾਨਲੇਵਾ ਹਾਦਸੇ ਹੁੰਦੇ ਰਹਿੰਦੇ ਸਨ, ਪਰ ਸਬੰਧਤ ਵਿਭਾਗ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਸੀ, ਜਿਸਨੂੰ ਦੇਖਦਿਆਂ ਇਲਾਕੇ ਦੇ ਮੋਹਤਬਰਾਂ ਅਤੇ ਵੱਡੀ ਗਿਣਤੀ ਵਿਚ ਪੰਚਾਇਤਾਂ ਨੂੰ ਨਾਲ ਲੈ (ਸੜਕ ਬਣਾਓ ਸੰਘਰਸ਼) ਕਮੇਟੀ ਬਣਾਈ ਗਈ, ਜਿਨ੍ਹਾਂ ਵੱਲੋਂ ਮਹਿਕਮੇ ਖਿਲਾਫ਼ ਤਿੱਖਾ ਸੰਘਰਸ਼ ਛੇੜਿਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਦੀਪ ਸਿੰਘ, ਸੁਰਿੰਦਰ ਕੁਮਾਰ, ਗੁਰਦਿੱਤ ਸਿੰਘ, ਗੁਲਜਾਰ ਸਿੰਘ, ਮਦਨ ਲਾਲ, ਪ੍ਰਵੇਸ਼ ਕੁਮਾਰ, ਰਾਕੇਸ਼ ਕੁਮਾਰ, ਤਰਸੇਮ ਸਿੰਘ, ਬਲਵੰਤ ਸਿੰਘ, ਬਲਵਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਸੜਕ ’ਤੇ ਪ੍ਰੀਮਿਕਸ ਨਾਂ ਪਾਉਣ ਦੀ ਵਜਾ ਨਾਲ ਸੜਕ ਤੋਂ ਜਦ ਵੀ ਕੋਈ ਵਾਹਨ ਗੁਜ਼ਰਦਾ ਹੈ ਤਾਂ ਇਥੇ ਮਿੱਟੀ ਦਾ ਵੱਡਾ ਗੁਬਾਰ ਉੱਠਦਾ ਹੈ, ਜਿਸਦੀ ਵਜਾ ਨਾਲ ਇਹ ਧੂੜ ਮਿੱਟੀ ਜਿੱਥੇ ਸਾਡੀਆਂ ਅੱਖਾਂ ਵਿੱਚ ਜਾ ਅੱਖਾਂ ਨੂੰ ਖਰਾਬ ਕਰ ਰਹੀ ਹੈ। ਪ੍ਰਧਾਨ ਕੰਵਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਬਾਰ ਬਾਰ ਮਹਿਕਮੇ ਨੂੰ ਜਾਣੂ ਕਰਵਾਇਆ ਜਾਂਦਾ ਰਿਹਾ ਤੇ ਮਹਿਕਮੇ ਵੱਲੋਂ ਸਿਰਫ਼ ਝੂਠੇ ਦਿਲਾਸੇ ਹੀ ਦਿੱਤੇ ਜਾਂਦੇ ਰਹੇ ਹਨ।
ਇਸ ਸੰਬੰਧੀ ਜਦ ਪੀਡਬਲਿਊਡੀ ਦੇ ਜੇਈ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਸਰਦੀ ਦੇ ਮੌਸਮ ਦੌਰਾਨ ਸੜਕ ’ਤੇ ਲੁੱਕ ਨਹੀਂ ਪਾਈ ਜਾ ਸਕੀ ਸੀ। ਹੁਣ ਇਹ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਮਾਰਚ ਮਹੀਨੇ ਦੇ ਵਿੱਚ ਹੀ ਸਾਰੀ ਸੜਕ ਲੁੱਕ ਪਾਕੇ ਸਹੀ ਢੰਗ ਨਾਲ ਬਣਾ ਦਿੱਤੀ ਜਾਵੇਗੀ, ਜਦ ਤਕ ਸੜਕ ’ਤੇ ਲੁੱਕ ਨਹੀਂ ਪਾਈ ਜਾਂਦੀ, ਉਸ ਸਮੇਂ ਤਕ ਸੜਕ ’ਤੇ ਪਾਣੀ ਦਾ ਲਗਾਤਾਰ ਛਿੜਕਾਅ ਕੀਤਾ ਜਾਵੇਗਾ। ਤਾਂ ਜੋ ਸੜਕ ਤੋਂ ਧੂੜ ਮਿੱਟੀ ਨਾਂ ਉੱਡੇ।