ਫੂਡ ਸੇਫਟੀ ਵਿਭਾਗ ਨੇ ਫਤਹਿਗੜ੍ਹ ਚੂੜੀਆਂ ’ਚ ਛਾਪੇਮਾਰੀ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ
ਕੁਆਲਿਟੀ ਦੀ ਮਿਠਾਈ ਵਿਕਣ ਦੇ ਮਾਮਲੇ ’ਤੇ ਸਿਹਤ ਵਿਭਾਗ ਹੋਇਆ ਸਖਤ
Publish Date: Sat, 28 Feb 2026 05:03 PM (IST)
Updated Date: Sun, 01 Mar 2026 04:02 AM (IST)

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫ਼ਤਹਿਗੜ੍ਹ ਚੂੜੀਆਂ : ਕਸਬਾ ਫਤਹਿਗੜ੍ਹ ਚੂੜੀਆਂ ’ਚ ਬੀਤੇ ਦਿਨੀਂ ਇੱਕ ਦੁਕਾਨਦਾਰ ਵੱਲੋਂ ਘਟੀਆ ਕੁਆਲਿਟੀ ਦੀ ਮਿਠਾਈ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਗਾਹਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਸੀ। ‘ਪੰਜਾਬੀ ਜਾਗਰਣ’ ਵੱਲੋਂ ਉਕਤ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਬੀਤੇ ਸ਼ਾਮ ਸਿਹਤ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਕਸਬਾ ਫਤਹਿਗੜ੍ਹ ਚੂੜੀਆਂ ’ਚ ਛਾਪੇਮਾਰੀ ਕੀਤੇ ਗਈ। ਫੂਡ ਸੇਫਟੀ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਖਾਣ ਪੀਣ ਦੀਆਂ ਦੁਕਾਨਾਂ ਦੀਆਂ ਵਸਤਾਂ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ ਦੀ ਖਬਰ ਫੈਲਦਿਆਂ ਹੀ ਫਤਹਿਗੜ੍ਹ ਚੂੜੀਆਂ ’ਚ ਖਾਣ ਪੀਣ ਦੀਆਂ ਦੁਕਾਨਾਂ ਅਤੇ ਰੇੜੀਆਂ ਵਾਲੇ ਟੀਮ ਨੂੰ ਦੇਖਦਿਆਂ ਹੀ ਉਰੇ ਪਰੇ ਹੋ ਗਏ। ਸ਼ਹਿਰ ਦੀਆਂ ਡੇਅਰੀਆਂ ਤੇ ਹਲਵਾਈ ਦੀਆਂ ਦੁਕਾਨਾਂ ਬੰਦ ਹੋਣ ਲੱਗੀਆਂ ਤੇ ਸਹਿਜੇ-ਸਹਿਜੇ ਬਹੁਤ ਸਾਰੀਆਂ ਖਾਣ ਪੀਣ, ਕਰਿਆਨਾ, ਹਲਵਾਈ ਤੇ ਡੇਅਰੀ ਪ੍ਰੋਡੈਕਟ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਹੜਤਾਲ ਹੋ ਗਈ ਹੋਵੇ। ਇਸ ਤੋਂ ਇਹ ਸਹਿਜੇ ਹੀ ਸਿੱਧ ਹੁੰਦਾ ਹੈ ਕਿ ਫ਼ਤਹਿਗੜ੍ਹ ਚੂੜੀਆਂ ਵਿਚ ਦੁਕਾਨਾਂ ਤੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਡਾ. ਜੀਐੱਸ ਪੰਨੂੰ ਦੀ ਅਗਵਾਈ’ਚ ਫਤਹਿਗੜ੍ਹ ਚੂੜੀਆਂ ਵਿਖੇ ਮਿਠਾਈ ਦੀ ਦੁਕਾਨ ਸਮੇਤ ਵੱਖ ਵੱਖ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਗਈ ਅਤੇ 10 ਦੇ ਕਰੀਬ ਦੁਕਾਨਾਂ ਤੋਂ ਖਾਣ ਪੀਣ ਵਾਲੇ ਸਮਾਨ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਡਾ. ਜੀਐੱਸ ਪੰਨੂੰ ਨੇ ਦੱਸਿਆ ਕਿ ਬੀਤੇ ਦਿਨੀ ਘਟੀਆ ਕੁਆਲਿਟੀ ਦੀ ਮਿਠਾਈ ਵਿਕਣ ਦਾ ਮਾਮਲਾ ਧਿਆਨ ’ਚ ਆਇਆ ਸੀ, ਜਿਸ ਨੂੰ ਧਿਆਨ ’ਚ ਰੱਖਦਿਆਂ ਫਤਹਿਗੜ੍ਹ ਚੂੜੀਆਂ ’ਚ ਵੱਖ-ਵੱਖ ਦੁਕਾਨਾਂ ਤੋਂ ਖਾਣ ਪੀਣ ਸਮਾਨ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਿੰਦਗੀ ਨਾਲ ਕਿਸੇ ਵੀ ਦੁਕਾਨਦਾਰ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।