ਸ਼ੱਕੀ ਹਾਲਾਤਾਂ ਵਿੱਚ ਗੁਰਦਾਸਪੁਰ ਦਾ ਨੌਜਵਾਨ ਗਾਜ਼ੀਆਬਾਦ ਵਿਖੇ ਹੋਇਆ ਲਾਪਤਾ, ਪਰਿਵਾਰਕ ਮੈਂਬਰ ਪਰੇਸ਼ਾਨ
ਸ਼ੱਕੀ ਹਾਲਾਤਾਂ ਵਿੱਚ ਗੁਰਦਾਸਪੁਰ ਦਾ ਨੌਜਵਾਨ ਗਾਜ਼ੀਆਬਾਦ ਵਿਖੇ ਹੋਇਆ ਲਾਪਤਾ, ਪਰਿਵਾਰਕ ਮੈਂਬਰ ਪਰੇਸ਼ਾਨ
Publish Date: Fri, 20 Mar 2026 04:01 PM (IST)
Updated Date: Fri, 20 Mar 2026 04:04 PM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਜ਼ੋਰਾਵਰ ਸਿੰਘ ਕੁਝ ਦਿਨਾਂ ਤੋਂ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਨੌਜਵਾਨ ਦੇ ਲਾਪਤਾ ਹੋਣ ਕਾਰਨ ਪਰਿਵਾਰਿਕ ਮੈਂਬਰ ਪ੍ਰੇਸ਼ਾਨ ਹਨ। ਲਾਪਤਾ ਹੋਏ ਨੌਜਵਾਨ ਜ਼ੋਰਾਵਰ ਸਿੰਘ ਦੇ ਵੱਡੇ ਭਰਾ ਦਵਿੰਦਰ ਸਿੰਘ ਵਾਸੀ ਗੁੰਨੋਪੁਰ ਨੇ ਦੱਸਿਆ ਕਿ ਉਸਨੂੰ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਉਸ ਕੋਲੋਂ ਪੈਸੇ ਮੰਗੇ ਸਨ ਅਤੇ ਉਸਨੂੰ ਕਿਹਾ ਕਿ ਜ਼ੋਰਾਵਰ ਸਿੰਘ ਨੇ ਗਾਜ਼ੀਆਬਾਦ ਵਿਖੇ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ, ਜਿਸ ਨੂੰ ਪੁਲਿਸ ਨੇ ਫੜ ਲਿਆ ਹੈ। ਜਿਸ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾਂ ਨੇ ਡਰਦੇ ਹੋਏ ਪੈਸੇ ਫੋਨ ਕਰਨ ਵਾਲੇ ਨੂੰ ਦੇ ਦਿੱਤੇ, ਮਗਰ ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਜ਼ੋਰਾਵਰ ਸਿੰਘ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਉਹ ਇਸ ਸਮੇਂ ਕਿੱਥੇ ਹੈ ਸਾਨੂੰ ਨਹੀਂ ਪਤਾ ਹੈ। ਇਹ ਤੋਂ ਬਾਅਦ ਉਸਦੇ ਪਿਤਾ ਇਹ ਸੁਣ ਕੇ ਕਾਫੀ ਜਿਆਦਾ ਬਿਮਾਰ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਵਿੰਦਰ ਸਿੰਘ ਨੇ ਨੇ ਕਿਹਾ ਕਿ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ । ਉਨ੍ਹਾਂ ਕਿਹਾ ਕਿ ਉਸਨੂੰ ਇੱਕ ਅਣਜਾਣ ਨੰਬਰ ਤੋਂ ਬਾਰ-ਬਾਰ ਫੋਨ ਆ ਰਿਹਾ ਹੈ, ਜਿਨ੍ਹਾਂ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਪਰ ਲਾਪਤਾ ਹੋਏ ਉਸਦੇ ਭਰਾ ਜ਼ੋਰਾਵਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਾਜ਼ੀਆਬਾਦ ਦੀ ਪੁਲਿਸ ਦੇ ਨਾਲ ਰਾਬਤਾ ਕਰਕੇ ਜਿਸ ਨੰਬਰ ਤੋਂ ਫੋਨ ਆ ਰਿਹਾ ਹੈ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾਵੇ ਅਤੇ ਉਨ੍ਹਾਂ ਦੇ ਭਰਾ ਬਾਰੇ ਪਤਾ ਲਗਾਇਆ ਜਾਵੇ।