ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 11 ਕਿਲੋ ਹੈਰੋਇਨ ਸਣੇ ਯੂਪੀ ਤੇ ਅੰਮ੍ਰਿਤਸਰ ਦੇ ਦੋ ਤਸਕਰ ਕਾਬੂ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਨੇ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਸੰਗਠਿਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ 11 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
Publish Date: Sat, 07 Feb 2026 08:13 PM (IST)
Updated Date: Sat, 07 Feb 2026 08:15 PM (IST)
ਆਕਾਸ਼, ਪੰਜਾਬੀ ਜਾਗਰਣ ,ਗੁਰਦਾਸਪੁਰ: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਨੇ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਸੰਗਠਿਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ 11 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਇਸ ਬਾਰੇ ਡੀਜੀਪੀ ਪੰਜਾਬ, ਗੌਰਵ ਯਾਦਵ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਵਸੀਮ ਵਾਸੀ ਮੁਜ਼ੱਫ਼ਰਨਗਰ, ਉੱਤਰ ਪ੍ਰਦੇਸ਼ ਅਤੇ ਹਰਸ਼ਦੀਪ ਸਿੰਘ ਉਰਫ਼ ਹਰਸ਼ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਨੇ ਖ਼ੁਲਾਸਾ ਕੀਤਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਤਸਕਰ ਭਾਰਤ ਵਿੱਚ ਬੈਠੇ ਆਪਣੇ ਆਕਾਵਾਂ ਰਾਹੀਂ ਸਿੱਧੇ ਤੌਰ 'ਤੇ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਹੁਣ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਕਿੱਥੋਂ ਆਈ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ।
ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਪੁਲਿਸ ਨੇ ਪਿੰਡ ਚਿੱਟੀ ਦੇ ਨੇੜੇ ਨਾਕਾਬੰਦੀ ਕਰਕੇ ਹਰਸ਼ਦੀਪ ਸਿੰਘ ਨੂੰ ਉਸਦੀ ਵਰਨਾ ਕਾਰ ਸਮੇਤ ਰੋਕਿਆ। ਤਲਾਸ਼ੀ ਦੌਰਾਨ ਕਾਰ ਵਿੱਚੋਂ 8 ਕਿਲੋ ਹੈਰੋਇਨ ਅਤੇ 3.5 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ।
ਦੂਜੀ ਕਾਰਵਾਈ ਵਿੱਚ ਪਨਿਆੜ ਸ਼ੂਗਰ ਮਿੱਲ,ਦੀਨਾਨਗਰ ਦੇ ਨਾਕੇ 'ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਵਸੀਮ ਨੂੰ ਉਸ ਦੀ ਹੌਂਡਾ ਸਿਟੀ ਕਾਰ ਸਮੇਤ ਕਾਬੂ ਕੀਤਾ ਗਿਆ। ਉਸ ਦੀ ਕਾਰ ਵਿੱਚੋਂ 3 ਕਿਲੋ ਹੈਰੋਇਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਮਿਲੀ।
ਪੁਲਿਸ ਨੇ ਇਸ ਸਬੰਧੀ ਥਾਣਾ ਦੀਨਾਨਗਰ ਵਿੱਚ ਐੱਫਆਈਆਰ ਨੰਬਰ 32 ਅਤੇ ਥਾਣਾ ਦੋਰਾਂਗਲਾ ਵਿੱਚ ਐੱਫਆਈਆਰ ਨੰਬਰ 11 ਦਰਜ ਕੀਤੀ ਹੈ। ਇਹ ਮਾਮਲੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21ਸੀ ਅਤੇ 27ਏ ਤਹਿਤ ਦਰਜ ਕੀਤੇ ਗਏ ਹਨ। ਐੱਸਐੱਸਪੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਹੋਣ ਦੀ ਪੂਰੀ ਸੰਭਾਵਨਾ ਹੈ।