Gurdaspur News : ਹਨੂੰਮਾਨ ਚੌਕ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗੀ, 2 ਬੱਚਿਆਂ ਸਣੇ 6 ਲੋਕ ਝੁਲਸੇ
ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਂਕ ਵਿੱਚ ਸਥਿਤ ਇੱਕ ਕੁਆਰਟਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਦਾ ਦੁਖਦਾਈ ਹਾਦਸਾ ਵਾਪਰਿਆ। ਇਸ ਅੱਗ ਦੀ ਚਪੇਟ ਵਿੱਚ ਆਉਣ ਨਾਲ ਦੋ ਛੋਟੇ ਬੱਚਿਆਂ ਸਮੇਤ 6 ਲੋਕ ਬੁਰੀ ਤਰ੍ਹਾਂ ਝੁਲਸ ਗਏ।
Publish Date: Wed, 03 Jun 2026 09:43 PM (IST)
Updated Date: Wed, 03 Jun 2026 09:45 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਂਕ ਵਿੱਚ ਸਥਿਤ ਇੱਕ ਕੁਆਰਟਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਦਾ ਦੁਖਦਾਈ ਹਾਦਸਾ ਵਾਪਰਿਆ। ਇਸ ਅੱਗ ਦੀ ਚਪੇਟ ਵਿੱਚ ਆਉਣ ਨਾਲ ਦੋ ਛੋਟੇ ਬੱਚਿਆਂ ਸਮੇਤ 6 ਲੋਕ ਬੁਰੀ ਤਰ੍ਹਾਂ ਝੁਲਸ ਗਏ।
ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਬਬੀਤਾ ਨੇ ਦੱਸਿਆ ਕਿ ਐਮਰਜੈਂਸੀ ਵਿੱਚ ਕੁੱਲ 6 ਮਰੀਜ਼ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚੋਂ 4 ਬਾਲਗ ਅਤੇ 2 ਬੱਚੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਉਮਰ 4 ਤੋਂ 5 ਸਾਲ ਦੇ ਵਿਚਕਾਰ ਹੈ। ਉਨ੍ਹਾਂ ਅਨੁਸਾਰ ਮਰੀਜ਼ਾਂ ਨੇ ਦੱਸਿਆ ਕਿ ਉਹ ਸਿਲੰਡਰ ਫੱਟਣ ਕਾਰਨ ਝੁਲਸੇ ਹਨ।
ਬੱਚਿਆਂ ਦੀ ਹਾਲਤ ਵਧੇਰੇ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਬਬੀਤਾ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਹਾਦਸੇ ਵਿੱਚ ਜ਼ਖਮੀ ਦੀਵਾਂਕਰ ਕੁਮਾਰ ਨੇ ਦੱਸਿਆ ਕਿ ਉਹ ਖਾਣਾ ਬਣਾ ਰਹੇ ਸਨ, ਉਦੋਂ ਛੋਟੇ ਚੁੱਲੇ ਦਾ ਸਿਲੰਡਰ ਬਲਾਸਟ ਹੋ ਗਿਆ। ਉਸ ਨੇ ਕਿਹਾ ਗੈਸ ਚੁੱਲਾ ਜਾਮ ਸੀ ਜਿਸ ਕਾਰਨ ਉਹ ਲੀਕ ਹੋ ਗਿਆ ਜਿਸ ਕਾਰਨ ਇਹ ਵਿਸਫੋਟ ਹੋਇਆ। ਵਿਸਫੋਟ ਹੋਣ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲੀ ਅਤੇ ਉਹ ਤੇ ਉਨ੍ਹਾਂ ਦਾ ਪਰਿਵਾਰ ਇਸ ਦੀ ਲਪੇਟ ਵਿੱਚ ਆ ਗਿਆ। ਦੀਵਾਂਕਰ ਕੁਮਾਰ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦੇ ਹਨ।