- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ’ਚ ਦੇਰ ਰਾਤ ਮੁੜ ਚੱਲੀਆਂ ਗੋਲੀਆਂ

ਸ਼ਾਮ ਤਿਵਾੜੀ /ਰਾਜਨ ਤਰਹੇਨ ਪੰਜਾਬੀ ਜਾਗਰਣ
ਬਟਾਲਾ : ਸ਼ੁਕਰਵਾਰ ਨੂੰ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਦੇਰ ਰਾਤ ਮੁੜ ਗੋਲ਼ੀਆਂ ਚੱਲੀਆਂ ਹਨ। ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਤੇ ਗੋਲ਼ੀਆਂ ਚਲਾਈਆਂ ਗਈਆਂ ਹਨ। ਇਸ ਗੋਲੀਕਾਂਡ ਚ ਦੋ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਅਸ਼ੀਸ਼ ਪੁੱਤਰ ਸੁੱਚਾ ਮਸੀਹ ਵਾਸੀ ਗਿੱਲਾਂਵਾਲੀ ਅਤੇ ਸਾਹਿਲ ਪੁੱਤਰ ਪਰਮਜੀਤ ਵਾਸੀ ਗਿਲਾਂ ਵਾਲੀ ਬਟਾਲਾ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਉਧਰ ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਸਪਤਾਲ ’ਚ ਜ਼ੇਰੇ ਇਲਾਜ ਨੌਜਵਾਨ ਅਸ਼ੀਸ਼ ਨੇ ਦੱਸਿਆ ਕਿ ਆਪਣੇ ਦੋਸਤ ਸਾਹਿਲ ਅਤੇ ਸ਼ੈਲੀ ਦੇ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਤੋਂ ਮੋਮੋਜ ਖਾ ਕੇ ਵਾਪਸ ਪਿੰਡ ਜਾ ਰਹੇ ਸਨ, ਜਦ ਉਹ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਬੇਕਰੀ ਨਜ਼ਦੀਕ ਪੁੱਜੇ ਤਾਂ ਬੇਕਰੀ ਅੱਗੇ ਖੜ੍ਹੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਰੋਕ ਲਿਆ ਅਤੇ ਗੋਲ਼ੀਆਂ ਚਲਾ ਦਿੱਤੀਆਂ। ਉਸਨੇ ਦੱਸਿਆ ਕਿ ਗੋਲ਼ੀ ਲੱਗਣ ਨਾਲ ਉਹ ਅਤੇ ਉਸਦਾ ਦੋਸਤ ਸਾਹਿਲ ਜ਼ਖ਼ਮੀ ਹੋ ਗਏ ਹਨ। ਉਸਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਉਹ ਜਾਣਦਾ ਹੈ ਅਤੇ ਉਸ ਉੱਤੇ ਰੰਜਿਸ਼ ਤਹਿਤ ਹਮਲਾ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਪਹਿਲਾਂ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਬਟਾਲਾ ਦੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਾਰਡ ਦੇ ਮੈਡੀਕਲ ਅਫਸਰ ਡਾ. ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਦੀ ਦੇਰ ਰਾਤ ਗੋਲ਼ੀਆਂ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹਾਲਤ ’ਚ ਇਲਾਜ ਲਈ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਅਸ਼ੀਸ਼ ਅਤੇ ਸਾਹਿਲ ਨਾਮ ਦੇ ਨੌਜਵਾਨ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਹਨ ਅਤੇ ਦੋਨਾਂ ਦੇ ਇੱਕ ਇੱਕ ਗੋਲੀ ਲੱਗੀ ਹੈ। ਡਾ. ਸੁਖਰਾਜ ਸਿੰਘ ਨੇ ਦੱਸਿਆ ਕਿ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।
ਬਟਾਲਾ ਚ ਸ਼ੁਕਰਵਾਰ ਨੂੰ ਪਹਿਲਾ ਸਵੇਰੇ ਅਤੇ ਮੁੜ ਸ਼ਾਮ ਨੂੰ ਚੱਲੀ ਗੋਲੀ..
ਇੱਥੇ ਦੱਸ ਦਈਏ ਕਿ ਬਟਾਲਾ ਚ ਸ਼ੁਕਰਵਾਰ ਦੀ ਦੁਪਹਿਰ ਵੇਲੇ ਸਿੰਬਲ ਚੌਂਕ ਨਜ਼ਦੀਕ ਗੱਡੀਆਂ ਲਗਾਉਣ ਤੋਂ ਦੋ ਧਿਰਾਂ ਚ ਗੋਲੀ ਚੱਲ ਗਈ ਸੀ ਅਤੇ ਇਸ ਗੋਲੀ ਕਾਂਡ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਰ ਉਕਤ ਘਟਨਾ ਅਜੇ ਸੁਰਖੀਆਂ ਚ ਬਣੀ ਹੋਈ ਸੀ ਕਿ ਸ਼ੁਕਰਵਾਰ ਦੀ ਦੇਰ ਸ਼ਾਮ ਮੁੜ ਗੁਰਦਾਸਪੁਰ ਰੋਡ ਤੇ ਹੀ ਗੋਲੀ ਚੱਲਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ। ਗੋਲੀ ਚੱਲਣ ਦੀਆਂ ਘਟਨਾਵਾਂ ਨਾਲ ਸ਼ਹਿਰ ਵਾਸੀ ਦਹਿਸ਼ਤ ਵਿੱਚ ਹਨ।