ਸਰਵਾਈਕਲ ਕੈਂਸਰ ਤੋਂ ਬਚਾਅ ਲਈ 14 ਤੋਂ 15 ਸਾਲ ਤੱਕ ਦੀਆਂ ਕੁੜੀਆਂ ਨੂੰ ਲੱਗਣਗੇ ਮੁਫਤ ਟੀਕੇ
ਸਰਵਾਈਕਲ ਕੈਂਸਰ ਤੋਂ ਬਚਾਉਣ ਲਈ 14 ਤੋਂ 15 ਸਾਲ ਤੱਕ ਦੀਆਂ ਕੁੜੀਆਂ ਨੂੰ ਲੱਗਣਗੇ ਮੁਫਤ ਟੀਕੇ
Publish Date: Sat, 07 Mar 2026 05:01 PM (IST)
Updated Date: Sun, 08 Mar 2026 04:06 AM (IST)

ਜੀਆਰਪੀ- ਸੀਐੱਚਸੀ ਧਾਰੀਵਾਲ ਵਿਖੇ ਐੱਚਪੀਵੀ ਟੀਕਾਕਰਨ ਕਰਦਾ ਹੋਇਆ ਸਟਾਫ। ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਨਿਰਦੇਸ਼ਾਂ ਹੇਠ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਵਨਾ ਸ਼ਰਮਾ ਦੀ ਦੇਖ-ਰੇਖ ਵਿੱਚ ਐੱਸਐੱਮਓ ਧਾਰੀਵਾਲ ਡਾ. ਚਰਨਜੀਤ ਕੌਰ ਦੀ ਅਗਵਾਈ ਹੇਠ ਸੀਐੱਚਸੀ ਧਾਰੀਵਾਲ ਵਿਖੇ ਲੜਕੀਆਂ ਲਈ ਮੁਫ਼ਤ ਐੱਚਪੀਵੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਪੰਜਾਬ ਵਿੱਚ ਲੜਕੀਆਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣਾ ਹੈ। ਇਸ ਮੌਕੇ ਐੱਸਐੱਮਓ ਡਾ. ਚਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿਹਤ ਸੁਰੱਖਿਆ ਲਈ ਇਹ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਰਾਜ ਵਿੱਚ 14 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਮੁਫ਼ਤ ਐੱਚਪੀਵੀ ਟੀਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੈਂਸਰ ਔਰਤਾਂ ਵਿੱਚ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਹੈ ਜੋ ਗਰਭਾਸ਼ਯ ਦੇ ਨੀਵੇਂ ਹਿੱਸੇ ਵਿੱਚ ਪੈਦਾ ਹੁੰਦਾ ਹੈ ਅਤੇ ਇਸ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਹੁੰਦਾ ਹੈ। ਸਮੇਂ ਸਿਰ ਟੀਕਾਕਰਨ ਕਰਵਾਉਣ ਨਾਲ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਸੰਭਵ ਹੈ। ਬੱਚਿਆਂ ਦੀ ਮਾਹਿਰ ਡਾਕਟਰ ਪ੍ਰਭਜੋਤ ਕੌਰ ਨੇ ਵੀ ਇਸ ਮੌਕੇ ਕਿਹਾ ਕਿ ਐੱਚਪੀਵੀ ਟੀਕਾਕਰਨ ਭਵਿੱਖ ’ਚ ਲੜਕੀਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਧੀਆਂ ਸੁਰੱਖਿਅਤ ਰਹਿਣਗੀਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਿਹਤਮੰਦ ਤੇ ਸੁਰੱਖਿਅਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ 14 ਤੋਂ 15 ਸਾਲ ਦੀ ਉਮਰ ਦੀਆਂ ਹਰੇਕ ਲੜਕੀ ਨੂੰ ਇਹ ਟੀਕੇ ਮੁਫ਼ਤ ਲਗਾਏ ਜਾਣਗੇ।