ਪਸ਼ੂਆਂ ਦੇ ਸ਼ੈਡ ’ਚ ਲੱਗੀ ਅੱਗ, 10 ਪਸ਼ੂਆਂ ਦੀ ਝੁਲਸਣ ਨਾਲ ਮੌਂਤ
ਪਸ਼ੂਆਂ ਦੇ ਸ਼ੈਡ ’ਚ ਲੱਗੀ ਅੱਗ, 10 ਪਸ਼ੂਆਂ ਦੀ ਝੁਲਸਣ ਨਾਲ ਹੋਈ ਦਰਦਨਾਕ ਮੌਂਤ
Publish Date: Sat, 03 Jan 2026 05:18 PM (IST)
Updated Date: Sun, 04 Jan 2026 04:08 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਹਿਗੜ੍ਹ ਚੂੜੀਆਂ : ਪਿੰਡ ਹਰਦੋਰਵਾਲ ਖੁਰਦ ਵਿਖੇ ਪਸ਼ੂਆਂ ਦੇ ਸ਼ੈਡ ’ਚ ਅੱਗ ਲੱਗਣ ਦੇ ਨਾਲ 10 ਦੁਧਾਰੂ ਪਸ਼ੂਆਂ ਦੀ ਝੁਲਸਣ ਅਤੇ ਧੂੰਏ ਦੇ ਨਾਲ ਦਮ ਘੁੱਟ ਨਾਲ ਮੌਤ ਹੋ ਗਈ ਹੈ। ਇਸ ਅੱਗ ਦੀ ਭੇਟ ’ਚ ਦੁਧਾਰੂ ਪਸ਼ੂਆਂ ਤੋਂ ਇਲਾਵਾ ਇੱਕ ਪਾਲਤੂ ਕੁੱਤਾ ਅਤੇ ਇੱਕ ਬੱਕਰੇ ਦੀ ਮੌਤ ਹੋ ਗਈ ਹੈ। ਹੜ੍ਹਾਂ ਨਾਲ ਝੰਬੇ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਉਪਰ ਮੁਸੀਬਤਾਂ ਦਾ ਪਹਾੜ ਟੂਟ ਪਿਆ ਹੈ। ਦਰਦਨਾਕ ਅਤੇ ਦਿਲ ਨੂੰ ਹਿਲਾਉਣ ਵਾਲੀ ਵਾਪਰੀ ਇਸ ਘਟਨਾ ਨਾਲ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ, ਵਜ਼ੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੁਖੀ ਮਨ ਨਾਲ ਦੱਸਿਆ ਕਿ ਬੀਤੀ ਰਾਤ 10 ਵਜੇ ’ਤੇ ਕਰੀਬ ਉਨ੍ਹਾਂ ਦੇ ਗੁਆਢੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਡੰਗਰਾਂ ਵਾਲੇ ਸ਼ੈਡ ’ਚੋਂ ਧੂੰਆਂ ਨਿਕਲ ਰਿਹਾ ਹੈ, ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਡੰਗਰਾਂ ਵਾਲੇ ਸ਼ੈਡ ਅੰਦਰ ਅੱਗ ਲੱਗੀ ਹੋਈ ਸੀ ਅਤੇ ਅੰਦਰ ਧੂੰਆਂ ਹੀ ਧੂੰਆਂ ਦਿਖਾਈ ਦੇ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਦ ਅੱਗ ਬੁਝਾ ਕੇ ਅੰਦਰ ਦੇਖਿਆ ਤਾਂ ਸ਼ੈਡ ਅੰਦਰ ਬੱਝੇ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ’ਚ ਉਨ੍ਹਾਂ ਦਾ ਇੱਕ ਕੁੱਤਾ ਅਤੇ ਇੱਕ ਬੱਕਰਾ ਵੀ ਸ਼ਾਮਲ ਸੀ। ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜ਼ੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਅੱਗ ਕਿਵੇਂ ਲੱਗੀ। ਉਨ੍ਹਾਂ ਦੱਸਿਆ ਕਿ ਉਹ ਤਾਂ ਦੇਰ ਸ਼ਾਮ ਪਸ਼ੂਆਂ ਨੂੰ ਚਾਰਾ ਅਤੇ ਪਾਣੀ ਪਿਲਾ ਕੇ ਘਰ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਦੁੱਧ ਵੇਚ ਕੇ ਹੀ ਉਹ ਘਰ ਦਾ ਗੁਜ਼ਾਰਾ ਆਦਿ ਕਰਦੇ ਆ ਰਹੇ ਹਨ, ਪਰ ਇਸ ਘਟਨਾ ਨਾਲ ਉਨ੍ਹਾਂ ਦਾ ਲੱਕ ਟੁੱਟ ਗਿਆ ਹੈ। ਦੁੱਖੀ ਪਰਿਵਾਰ ਨੇ ਦਾਨੀ ਸੱਜਣਾਂ, ਵੱਖ ਵੱਖ ਐਨਜੀਓ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹੜ੍ਹ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁਣ ਉਨ੍ਹਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ।