- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕੀ ਬਾਰਿਸ਼ ਨਾਲ ਖਿੜੇ ਕਿਸਾਨਾਂ ਦੇ ਚਿਹਰੇ, ਕਣਕ ਦੀ ਫਸਲ ਨੂੰ ਹੋਵੇਗਾ ਫਾਇਦਾ

--ਦਾਣੇ ਭਰਨ ਦੀ ਪ੍ਰਕਿਰਿਆ ਹੋਵੇਗੀ ਮਜ਼ਬੂਤ, ਵਧੇਗੀ ਪੈਦਾਵਾਰ
ਉਮੇਸ਼ ਅੱਤਰੀ, ਪੰਜਾਬੀ ਜਾਗਰਣ
ਪੁਰਾਣਾ ਸ਼ਾਲਾ: ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿੱਚ ਹੋ ਰਹੀ ਹਲਕੀ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਲਿਆ ਦਿੱਤੀ ਹੈ। ਲੰਮੇ ਸਮੇਂ ਤੋਂ ਖੁਸ਼ਕ ਮੌਸਮ ਅਤੇ ਘੱਟ ਨਮੀ ਕਾਰਨ ਚਿੰਤਤ ਕਿਸਾਨ ਹੁਣ ਇਸ ਬਾਰਿਸ਼ ਨੂੰ ਰੱਬ ਦੀ ਮਿਹਰ ਮੰਨ ਰਹੇ ਹਨ। ਖੇਤਾਂ ਵਿੱਚ ਨਮੀ ਵਧਣ ਨਾਲ ਫਸਲਾਂ ਦਾ ਝਾੜ ਵੱਧਣ ਦੀ ਆਸ ਹੈ ਅਤੇ ਖਾਸ ਕਰਕੇ ਕਣਕ ਦੀ ਫਸਲ ਲਈ ਇਹ ਬਾਰਿਸ਼ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਹੋਈ ਹਲਕੀ ਬਾਰਿਸ਼ ਨਾਲ ਨਾ ਸਿਰਫ਼ ਸਿੰਚਾਈ ਦਾ ਖਰਚਾ ਘਟੇਗਾ, ਸਗੋਂ ਫਸਲ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ। ਕਿਸਾਨ ਕੁਲਦੀਪ ਸਿੰਘ, ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਇਹ ਬਾਰਿਸ਼ ਨਾ ਹੁੰਦੀ ਤਾਂ ਉਹਨਾਂ ਨੂੰ ਟਿਊਬਵੈੱਲ ਰਾਹੀਂ ਸਿੰਚਾਈ ਕਰਨੀ ਪੈਂਦੀ, ਜਿਸ ਨਾਲ ਡੀਜ਼ਲ ਜਾਂ ਬਿਜਲੀ ਦਾ ਖਰਚ ਵਧਣਾ ਸੀ। ਹੁਣ ਕੁਦਰਤੀ ਤੌਰ ‘ਤੇ ਹੋਈ ਨਮੀ ਨਾਲ ਮਿੱਟੀ ਵਿੱਚ ਤਾਜਗੀ ਆਈ ਹੈ ਅਤੇ ਫਸਲਾਂ ਨੂੰ ਲੋੜੀਂਦਾ ਪਾਣੀ ਮਿਲ ਗਿਆ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਬਾਰਿਸ਼ ਨੂੰ ਫਸਲਾਂ ਲਈ ਫਾਇਦੇਮੰਦ ਕਰਾਰ ਦਿੱਤਾ ਹੈ। ਵਿਭਾਗ ਦੇ ਅਨੁਸਾਰ, ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀ ਹਲਕੀ ਬਾਰਿਸ਼ ਜਾਰੀ ਰਹਿੰਦੀ ਹੈ ਤਾਂ ਕਣਕ ਦੇ ਉਤਪਾਦਨ ਵਿੱਚ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਨੂੰ ਹਲਕੀ ਨਮੀ ਦੀ ਲੋੜ ਹੁੰਦੀ ਹੈ, ਜੋ ਇਸ ਬਾਰਿਸ਼ ਨਾਲ ਪੂਰੀ ਹੋ ਰਹੀ ਹੈ। ਇਸ ਨਾਲ ਦਾਣੇ ਭਰਨ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੋਵੇਗੀ ਅਤੇ ਉਪਜ ਵਿੱਚ ਵਾਧਾ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ, ਮੌਸਮ ਵਿੱਚ ਆਈ ਠੰਢਕ ਵੀ ਫਸਲਾਂ ਲਈ ਲਾਹੇਵੰਦ ਮੰਨੀ ਜਾ ਰਹੀ ਹੈ। ਦਿਨ ਦੇ ਸਮੇਂ ਹਲਕਾ ਬੱਦਲਾਅ ਅਤੇ ਰਾਤ ਨੂੰ ਠੰਢੇ ਮੌਸਮ ਨਾਲ ਕਣਕ ਦੀ ਫਸਲ ਨੂੰ ਵਧੀਆ ਵਾਤਾਵਰਣ ਮਿਲ ਰਿਹਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ ਤਾਂ ਇਸ ਸਾਲ ਉਪਜ ਪਿਛਲੇ ਸਾਲਾਂ ਨਾਲੋਂ ਬਿਹਤਰ ਰਹੇਗੀ। ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਦਾ ਕਹਿਣਾ ਹੈ ਕਿ ਹਲਕੀ ਬਾਰਿਸ਼ ਕਣਕ, ਚਾਰੇ ਅਕੇ ਹੋਰ ਫਸਲਾਂ ਲਈ ਲਾਹੇਵੰਦ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ। ਜ਼ਿਆਦਾ ਬਾਰਿਸ਼ ਹੋਣ ਦੀ ਸੂਰਤ ਵਿੱਚ ਫਸਲ ਨੂੰ ਨੁਕਸਾਨ ਵੀ ਹੋ ਸਕਦਾ ਹੈ, ਇਸ ਲਈ ਨਿਕਾਸੀ ਪ੍ਰਬੰਧ ਠੀਕ ਰੱਖਣਾ ਜਰੂਰੀ ਹੈ। ਨਾਲ ਹੀ, ਕਿਸਾਨਾਂ ਨੂੰ ਆਪਣੇ ਖੇਤਾਂ ਦੀ ਨਿਯਮਿਤ ਜਾਂਚ ਕਰਦੇ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਬਿਮਾਰੀ ਜਾਂ ਕੀੜੇ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਕੁੱਲ ਮਿਲਾ ਕੇ, ਇਲਾਕੇ ਵਿੱਚ ਹੋ ਰਹੀ ਇਹ ਹਲਕੀ ਬਾਰਿਸ਼ ਕਿਸਾਨਾਂ ਲਈ ਰਾਹਤ ਦੀ ਖ਼ਬਰ ਬਣ ਕੇ ਆਈ ਹੈ। ਜਿੱਥੇ ਇੱਕ ਪਾਸੇ ਇਹ ਖਰਚੇ ਘਟਾਉਣ ਵਿੱਚ ਮਦਦਗਾਰ ਹੈ, ਉੱਥੇ ਹੀ ਦੂਜੇ ਪਾਸੇ ਉਪਜ ਵਿੱਚ ਵਾਧੇ ਦੀ ਉਮੀਦ ਵੀ ਜਗਾ ਰਹੀ ਹੈ। ਕਿਸਾਨ ਹੁਣ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਆਸ ਕਰ ਰਹੇ ਹਨ ਤਾਂ ਜੋ ਉਹਨਾਂ ਦੀ ਮਿਹਨਤ ਨੂੰ ਚੰਗਾ ਫਲ ਮਿਲ ਸਕੇ।