ਕਲਾਨੌਰ ਦੀਆਂ 5 ਪੰਚਾਇਤਾਂ ’ਚ ਵੱਜਿਆ ਚੋਣ ਬਿਗੁਲ
ਕਲਾਨੌਰ ਦੀਆਂ 5 ਪੰਚਾਇਤਾਂ 'ਚ ਵੱਜਿਆ ਚੋਣ ਬਿਗੁਲ
Publish Date: Sat, 10 Jan 2026 04:32 PM (IST)
Updated Date: Sun, 11 Jan 2026 04:01 AM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਪੰਜਾਬ ਦੀ ਆਮਦਨ ਪੱਖੋਂ ਮੋਹਰੀ ਜਾਣੇ ਜਾਂਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ 13 ਸਾਲਾਂ ਬਾਅਦ ਪੈ ਰਹੀਆਂ ਪੰਚਾਇਤੀ ਵੋਟਾਂ ਦੌਰਾਨ ਵੀਰਵਾਰ ਨੂੰ ਗ੍ਰਾਮ ਪੰਚਾਇਤ ਕਲਾਨੌਰ ਦੀਆਂ 6 ਪੰਚਾਇਤਾਂ ਤੋਂ ਸਰਪੰਚ ਦੀ ਚੋਣ ਲਈ 31 ਉਮੀਦਵਾਰਾਂ ਅਤੇ 113 ਪੰਚਾਂ ਦੇ ਉਮੀਦਵਾਰਾਂ ਵੱਲੋਂ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ। ਉੱਥੇ ਸ਼ੁੱਕਰਵਾਰ ਸਾਰਾ ਦਿਨ ਰਿਟਰਨਿੰਗ ਅਫਸਰ ਲਛਮਣ ਸਿੰਘ ਅਤੇ ਏਆਰਓ ਚਰਨਜੀਤ ਸਿੰਘ ਦੀ ਦੇਖ ਰੇਖ ਹੇਠ ਚੋਣ ਅਮਲੇ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਰਾਤ 11 ਵਜੇ ਤਹਿਸੀਲ ਕੰਪਲੈਕਸ ਵਿੱਚ ਯੋਗ ਅਤੇ ਅਯੋਗ ਉਮੀਦਵਾਰਾਂ ਦੀਆਂ ਲਿਸਟਾਂ ਲਗਾ ਦਿੱਤੀਆਂ ਗਈਆਂ ਜਿਸ ਵਿੱਚ ਸਰਪੰਚਾਂ ਦੇ ਉਮੀਦਵਾਰਾਂ ਦੀਆਂ 31 ਨਾਮਜ਼ਦਗੀਆਂ ਵਿੱਚੋਂ 15 ਨਾਮਜ਼ਦਗੀ ਪੱਤਰ ਯੋਗ ਪਾਏ ਗਏ। ਇਸ ਤੋਂ ਇਲਾਵਾ ਪੰਚੀ ਦੀ ਚੋਣ ਲੜਨ ਵਾਲੇ 113 ਦੇ ਕਰੀਬ ਉਮੀਦਵਾਰਾਂ ’ਚੋਂ 52 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ। ਇੱਥੇ ਦੱਸਣ ਯੋਗ ਹੈ ਕਿ ਗ੍ਰਾਮ ਪੰਚਾਇਤ ਚੱਕਰੀ ਤੋਂ ਸਰਪੰਚੀ ਦੇ ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦੇਣ ਤੇ ਦੋ ਉਮੀਦਵਾਰ ਜਸਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਅਤੇ ਦਲਬੀਰ ਕੌਰ ਪਤਨੀ ਕਸ਼ਮੀਰ ਸਿੰਘ ਦੇ ਨਾਮਜ਼ਦਗੀ ਪੱਤਰ ਅਯੋਗ ਹੋਣ ਤੇ ਨਵਨੀਤ ਕੌਰ ਪਤਨੀ ਮਨਦੀਪ ਸਿੰਘ ਬੁਲਾਰੀਆ ਇਸਤਰੀ ਕੈਟਾਗਰੀ ਵਿੱਚ ਬਿਨਾਂ ਮੁਕਾਬਲਾ ਸਰਪੰਚ ਬਣ ਗਏ ਹਨ, ਜਦਕਿ ਗਰਾਮ ਪੰਚਾਇਤ ਢੱਕੀ ਤੋਂ ਪਵਨ ਪਤਨੀ ਰਜਨੀਸ਼, ਸਨੇਹ ਬੇਦੀ ਪਤਨੀ ਵਿਪਨ ਬੇਦੀ ਸਾਬਕਾ ਸਰਪੰਚ, ਕਮਲੇਸ਼ ਕੁਮਾਰੀ ਪਤਨੀ ਕੇਵਲ ਕ੍ਰਿਸ਼ਨ ਅਤੇ ਮਹਿਕਪ੍ਰੀਤ ਬਾਜਵਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਬੀਬੀ ਬਲਜੀਤ ਕੌਰ ਪਤਨੀ ਕੁਲਬੀਰ ਕੌਰ ਸਰਪੰਚ ਦੇ ਨਾਮਜ਼ਦਗੀ ਪੱਤਰ ਯੋਗ ਪਾਉਣ ’ਤੇ ਚੋਣ ਮੈਦਾਨ ਵਿੱਚ ਹਨ। ਪੁਰਾਣੀ ਗ੍ਰਾਮ ਪੰਚਾਇਤ ਕਲਾਨੌਰ ਤੋਂ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ, ਹਰਜੀਤ ਸਿੰਘ ਕਾਹਲੋਂ ਪੁੱਤਰ ਕਰਨੈਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਜਾਣ ਤੇ ਸਰਪੰਚੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ। ਗ੍ਰਾਮ ਪੰਚਾਇਤ ਜੈਲਦਾਰਾਂ ਤੋਂ ਮਰਹੂਮ ਸਰਪੰਚ ਸੁਰਿੰਦਰਪਾਲ ਵਿੱਜ ਦੇ ਸਮਾਜ ਸੇਵਕ ਪੁੱਤਰ ਨਰਿੰਦਰ ਵਿੱਜ ਨੀਤੀ, ਸਾਬਕਾ ਚੇਅਰਮੈਨ ਓਮ ਪ੍ਰਕਾਸ਼ ਸਲਹੋਤਰਾ ਦੇ ਭਤੀਜੇ ਆੜ੍ਹਤੀ ਐਸੋਸੀਏਸ਼ਨ ਕਲਾਨੌਰ ਦੇ ਪ੍ਰਧਾਨ ਜਤਿੰਦਰ ਸਿੰਘ ਗੋਰਾ ਅਤੇ ਟੋਨੀ ਸੱਚਰ ਦੀ ਪਤਨੀ ਸ਼ੈਲੀ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਜਾਣ ਤੇ ਸਰਪੰਚੀ ਦੀ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਮੌਜੋਵਾਲ ਤੋਂ ਸਮਾਜ ਸੇਵਕ ਤੇ ਕਾਰੋਬਾਰੀ ਹਰਦੀਪ ਸਿੰਘ ਮਠਾਰੂ ਅਤੇ ਬਲਜਿੰਦਰ ਸਿੰਘ ਬਾਜਵਾ ਦੋਹਾਂ ਵਿੱਚ ਸਰਪੰਚੀ ਦਾ ਮੁਕਾਬਲਾ ਹੋਵੇਗਾ। ਗ੍ਰਾਮ ਪੰਚਾਇਤ ਢੱਕੀ ਤੋਂ ਪਾਵਨ ਪਤਨੀ ਰਜਨੀਸ਼, ਸਨੇਹ ਬੇਦੀ ਪਤਨੀ ਵਿਪਨ ਬੇਦੀ ਸਾਬਕਾ ਸਰਪੰਚ, ਕਮਲੇਸ਼ ਕੁਮਾਰੀ ਪਤਨੀ ਕੇਵਲ ਕ੍ਰਿਸ਼ਨ ਅਤੇ ਬਲਜੀਤ ਕੌਰ ਪਤਨੀ ਕੁਲਬੀਰ ਸਿੰਘ ਸਰਪੰਚੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ। ਇੱਥੇ ਦੱਸਣ ਯੋਗ ਹੈ ਕਿ ਇਤਿਹਾਸਕ ਕਸਬਾ ਕਲਾਨੌਰ ਦੇ ਵਾਸੀ 13 ਸਾਲ ਬਾਅਦ ਸਰਪੰਚ ਅਤੇ ਪੰਚ ਦੀ ਵੋਟ ਪਾਉਣ ਜਾ ਰਹੇ ਹਨ ਜਿਸ ਕਾਰਨ ਪੰਚਾਇਤਾਂ ਦੇ ਵੋਟਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਲਾਨੌਰ ਦੀਆਂ ਪੰਚਾਇਤਾਂ ਦੀ ਹੋ ਰਹੀ ਚੋਣ ਵਿੱਚ ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਪਾਰਟੀ ਤੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਰਾਗ ਅਲਾਪੇ ਜਾ ਰਹੇ ਸਨ ਪਰੰਤੂ ਕਲਾਨੌਰ ਦੀਆਂ ਪੰਜ ਪੰਚਾਇਤਾਂ ਤੇ ਸਰਪੰਚਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਵਿਸ਼ਰਾਮ ਚਿੰਨ ਲਾਗਾ ਦਿੱਤਾ ਗਿਆ ਹੈ।