ਠੰਢ ਤੇ ਧੁੰਦ ਦੀ ਆੜ ਹੇਠ ਪਾਕਿ ਤਸਕਰਾਂ ਵੱਲੋਂ ਭਾਰਤ ’ਚ ਭੇਜੇ ਜਾ ਰਹੇ ਡਰੋਨ ਬਣੇ ਚੁਣੌਤੀ
ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੀ ਆੜ ਹੇਠ ਪਾਕ ਤਸਕਰਾਂ ਵੱਲੋਂ ਭਾਰਤੀ ਖੇਤਰ ਵਿੱਚ ਭੇਜੇ ਜਾ ਰਹੇ ਡਰੋਨ ਬਣੇ ਚੁਣੌਤੀ
Publish Date: Fri, 16 Jan 2026 07:05 PM (IST)
Updated Date: Sat, 17 Jan 2026 04:13 AM (IST)

ਜੀਆਰਪੀ- ਸਰਹੱਦ ’ਤੇ ਸੰਘਣੀ ਧੁੰਦ ਦੌਰਾਨ ਡਰੋਨ ਐਕਟੀਵਿਟੀ ਤੋਂ ਬਾਅਦ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਜਵਾਨ ਖੇਤਾਂ ਵਿੱਚ ਸਰਚ ਕਰਦੇ ਹੋਏ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਪਾਕਿਸਤਾਨੀ ਤਸਕਰਾਂ ਵੱਲੋਂ ਕੜਾਕੇ ਦੀ ਪੈ ਰਹੀ ਠੰਢ ਤੇ ਸੰਘਣੀ ਧੁੰਦ ਦੀ ਆੜ ਹੇਠ ਭਾਰਤੀ ਖੇਤਰ ਚ ਭੇਜੇ ਜਾ ਰਹੇ ਡਰੋਨ ਬੀਐੱਸਐੱਫ, ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਇੱਥੇ ਦੱਸਣਯੋਗ ਹੈ ਕਿ ਬੀਤੇ ਸਾਲ ਦਸੰਬਰ ਮਹੀਨੇ ਤੱਕ ਪੰਜਾਬ ਦੀ 553 ਕਿਲੋਮੀਟਰ ਭਾਰਤ-ਪਾਕਿ ਸਰਹੱਦ ਤੋਂ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਕਰੀਬ 134 ਕਿਲੋਮੀਟਰ ਸਰਹੱਦ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ ਤੇ ਅਬੋਹਰ ਬੀਐੱਸਐੱਫ ਦੇ ਸੈਕਟਰ ਦੀ ਸਰਹੱਦ ਤੋਂ ਬੀਐੱਸਐੱਫ ਤੇ ਪੁਲਿਸ ਵੱਲੋਂ 300 ਦੇ ਕਰੀਬ ਪਾਕਿ ਤਸਕਰਾਂ ਵੱਲੋਂ ਭਾਰਤੀ ਖੇਤਰ ’ਚ ਭੇਜੇ ਡਰੋਨ ਬਰਾਮਦ ਕਰਨ ਤੋਂ ਇਲਾਵਾ ਨਸ਼ੀਲੇ ਪਦਾਰਥ ਤੇ ਹਥਿਆਰ ਵੱਡੀ ਮਾਤਰਾ ’ਚ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਸੀ। ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਤੇ ਠੰਢ ਦਾ ਫਾਇਦਾ ਚੁੱਕਣ ਦੀ ਤਾਕ ’ਚ ਪਾਕਿਸਤਾਨ ਵੱਲ ਬੈਠੇ ਤਸਕਰਾਂ ਵੱਲੋਂ ਜਿੱਥੇ ਭਾਰਤੀ ਖੇਤਰ ’ਚ ਰਾਤ ਵੇਲੇ ਭੇਜੇ ਗਏ ਡਰੋਨ ਐਕਟੀਵਿਟੀ ਤੇ ਸਰਹੱਦ ’ਤੇ ਤਾਈਨਾਤ ਬੀਐੱਸਐੱਫ ਦੇ ਜਾਂਬਾਜ਼ ਜਵਾਨਾਂ ਵੱਲੋਂ ਤਿੱਖੀ ਨਜ਼ਰ ਰੱਖੀ ਹੋਈ ਹੈ, ਉੱਥੇ ਵੀਰਵਾਰ ਦੀ ਰਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਤੇ ਬੀਐੱਸਐੱਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਤੇ ਰਾਤ ਵੇਲੇ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਪਾਕਿ ਤਸਕਰਾਂ ਵੱਲੋਂ ਭਾਰਤੀ ਖੇਤਰ ’ਚ ਡਰੋਨ ਭੇਜੇ ਗਏ ਪਰ ਸੰਘਣੀ ਧੁੰਦ ਦੌਰਾਨ ਜਿੱਥੇ ਇਹ ਡਰੋਨ ਦਿਖਾਈ ਨਹੀਂ ਦਿੱਤੇ। ਉਥੇ ਇਨ੍ਹਾਂ ਡਰੋਨਾਂ ਦੀ ਆਕਾਸ਼ ’ਚ ਆਈ ਆਵਾਜ਼ ਤੋਂ ਬਾਅਦ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰਪਾਲ ਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਤੇ ਬੀਐੱਸਐੱਫ ਦੀਆਂ ਬਟਾਲੀਅਨਾਂ ਦੇ ਜਵਾਨਾਂ ਵੱਲੋਂ ਸਬੰਧਤ ਏਰੀਏ ’ਚ ਕੜਾਕੇ ਦੀ ਠੰਢ ਦੌਰਾਨ ਕਣਕ, ਸਰ੍ਹੋਂ ਆਦਿ ਫਸਲਾਂ ਵਾਲੇ ਖੇਤਾਂ ’ਚ ਸਾਂਝੇ ਤੌਰ ’ਤੇ ਸਰਚ ਮੁਹਿੰਮ ਚਲਾਈ ਗਈ ਪਰ ਕੋਈ ਵੀ ਗ਼ੈਰ ਵਸਤੂ ਨਹੀਂ ਮਿਲੀ। ਜਾਣਕਾਰੀ ਅਨੁਸਾਰ ਪਿਛਲੇ ਸਮਿਆਂ ’ਚ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ ’ਚ ਸਰਹੱਦ ਤੇ ਲੱਗੀ ਕਰੰਟ ਵਾਲੀ ਕੰਡਿਆਲੀ ਤਾਰ ਰਹੀ ਪਲਾਸਟਿਕ ਦੇ ਪਾਈਪਾਂ ਤੇ ਰਾਵੀ ਦਰਿਆ ਜ਼ਰੀਏ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਭਾਰਤੀ ਖੇਤਰ ’ਚ ਸੁੱਟਿਆ ਜਾਂਦਾ ਸੀ ਪਰ ਬੀਐੱਸਐੱਫ ਦੇ ਚੌਕਸ ਜਵਾਨਾਂ ਵੱਲੋਂ ਪਾਈਪਾਂ ਰਾਹੀਂ ਭਾਰਤੀ ਖੇਤਰ ’ਚ ਸੁੱਕਣ ਵਾਲੇ ਭਾਰਤੀ ਤਸਕਰਾਂ ਤੇ ਪਾਕਿਸਤਾਨ ਵਾਲੇ ਤਸਕਰਾਂ ਨੂੰ ਗੋਲ਼ੀਆਂ ਨਾਲ ਮੌਕੇ ਤੇ ਢੇਰ ਕਰਨ ਤੇ ਬਾਅਦ ਪਾਕਿਸਤਾਨੀ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਖੇਤਰ ’ਚ ਭੇਜਣ ਦਾ ਢੰਗ ਬਦਲਦੇ ਹੋਏ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਭਾਵੇਂ ਕਿ ਸਰਹੱਦ ਤੇ ਡਰੋਨ ਨੂੰ ਰੋਕਣ ਲਈ ਐਂਟੀ ਡਰੋਨ ਡਿਵਾਈਸ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਸੰਘਣੀ ਧੁੰਦ ਤੇ ਠੰਢ ’ਚ ਸਰਹੱਦ ’ਤੇ ਆ ਰਹੇ ਡਰੋਨ ਬੀਐੱਸਐੱਫ, ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਬੀਐੱਸਐੱਫ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਤਸਕਰਾਂ ਵੱਲੋਂ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਚਾਈਨਾ ਮੇਡ ਡਰੋਨ ਤੋਂ ਇਲਾਵਾ 5 ਤੋਂ 15 ਕਿੱਲੇ ਵਜ਼ਨ ਚੁੱਕਣ ਦੀ ਸਮਰੱਥਾ ਵਾਲੇ ਡ੍ਰੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ 15 ਤੋਂ 20 ਕਿੱਲੋ ਤੱਕ ਵਜ਼ਨ ਚੁੱਕਣ ਵਾਲੇ ਡਰੋਨ ਨੂੰ ਪਿਛਲੇ ਸਮਿਆਂ ’ਚ ਬੀਐੱਸਐੱਫ ਜਵਾਨਾਂ ਵੱਲੋਂ ਏਕੇ-47 ਰਾਈਫਲ ਸਮੇਤ ਬਰਾਮਦ ਕਰ ਕੇ ਵੀ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਫੇਲ੍ਹ ਕੀਤੇ ਜਾ ਚੁੱਕੇ ਹਨ। ਰਾਤ ਵੇਲੇ ਡਰੋਨ ਦੇਖਣ ਲਈ ਚਲਾਏ ਜਾਂਦੇ ਨੇ ਰੋਸ਼ਨੀ ਵਾਲੇ ਬੰਬ ਬੀਐੱਸਐੱਫ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਡਰੋਨ ਦੀ ਐਕਟੀਵਿਟੀ ਤੇ ਅੱਖ ਰੱਖਣ ਲਈ ਜਿਥੇ ਐਂਟੀ ਡਰੋਨ ਡਿਵਾਈਸ ਦੀ ਸਹਾਇਤਾ ਲਈ ਜਾ ਰਹੀ ਹੈ। ਉਥੇ ਰਾਤ ਵੇਲੇ ਸਰਹੱਦ ਤੇ ਆਉਣ ਵਾਲੇ ਪਾਕਿਸਤਾਨੀ ਡਰੋਨਾਂ ਦੀ ਆਵਾਜ਼ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵੇਖਣ ਲਈ ਆਈਐੱਲਐੱਲਯੂ ਬੰਬ ਰੋਸ਼ਨੀ ਕਰਨ ਲਈ ਅਸਮਾਨ ’ਚ ਚਲਾਏ ਜਾਂਦੇ ਹਨ। ਅਧਿਕਾਰੀਆਂ ਅਨੁਸਾਰ ਇਹ ਬੰਬ ਵੱਖ-ਵੱਖ ਰੇਂਜ 300, 700 ਤੇ 900 ਦੀ ਉਚਾਈ ’ਚ 35 ਤੋਂ 45 ਸੈਕਿੰਡ ਤੱਕ ਤਿੰਨ ਸੌ ਮੀਟਰ ਦੇ ਏਰੀਏ ਵਿਚ ਰੌਸ਼ਨਾਈ ਕਰਦਾ ਹੈ। ਸਰਹੱਦੀ ਪਿੰਡਾਂ ’ਚ ਨਸ਼ਿਆਂ ਦੇ ਖ਼ਾਤਮੇ ਲਈ ਵਿਲੇਜ਼ ਡਿਫੈਂਸ ਕਮੇਟੀਆਂ ਗਠਿਤ : ਐੱਸਐੱਸਪੀ ਆਦਿੱਤਿਆ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਆਦਿੱਤਿਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਤ ਵੇਲੇ ਬਾਰਡਰ ਏਰੀਏ ਨੂੰ ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ। ਬਾਰਡਰ ਏਰੀਏ ’ਚ ਬਣਾਈਆਂ ਗਈਆਂ ਵਿਲੇਜ਼ ਕਮੇਟੀਆਂ ’ਚ ਸ਼ਾਮਲ ਦੇਸ਼ ਭਗਤ ਨੌਜਵਾਨਾਂ ਤੇ ਮੋਹਤਬਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਨਸ਼ੀਲੇ ਪਦਾਰਥ ਤੇ ਤਸਕਰ ਫੜਾਉਣ ’ਚ ਸਹਾਇਤਾ ਕੀਤੀ ਗਈ ਹੈ, ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।