ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋਣਾ ਪਵੇਗਾ : ਐਡਵੋਕੇਟ ਵਿਨੋਦ
ਐਡਵੋਕੇਟ ਵਿਨੋਦ ਕੁਮਾਰ
Publish Date: Sat, 03 Jan 2026 05:06 PM (IST)
Updated Date: Sun, 04 Jan 2026 04:06 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਥਾਰਟੀ ਦੇ ਚੇਅਰਮੈਨ, ਡਿਸਟ੍ਰਿਕਟ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਜੇਐੱਮ ਅਤੇ ਸਕੱਤਰ ਰੁਪਿੰਦਰ ਸਿੰਘ, ਜ਼ਿਲ੍ਹਾ ਲੀਗਲ ਸਰਵਿਸ ਪਠਾਨਕੋਟ ਦੇ ਹੁਕਮਾਂ ਅਨੁਸਾਰ, ਜ਼ਿਲ੍ਹੇ ਨੂੰ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ “ਯੂਥ ਅਗੇਂਸਟ ਡਰੱਗਜ਼” ਮੁਹਿੰਮ ਤਹਿਤ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਵਿੱਚ ਸਥਾਪਿਤ ਓਟ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਈ ਗਈ। ਇਸ ਮੌਕੇ ’ਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਪੈਨਲ ਐਡਵੋਕੇਟ ਵਿਨੋਦ ਕੁਮਾਰ ਅਤੇ ਡਾਕਟਰ ਅਨੁਭਵ ਭਾਰਦਵਾਜ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕਾਰਜਕ੍ਰਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਐਡਵੋਕੇਟ ਵਿਨੋਦ ਕੁਮਾਰ ਨੇ ਦੱਸਿਆ ਕਿ ਲੀਗਲ ਸਰਵਿਸ ਅਥਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਆਮ ਜਨਤਾ ਨੂੰ ਮਾਦਕ ਪਦਾਰਥਾਂ ਦੇ ਭਿਆਨਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ ਅਤੇ ਇਸਦੇ ਖਾਤਮੇ ਲਈ ਸਮਾਜ ਨੂੰ ਇਕਜੁੱਟ ਹੋਣਾ ਪਵੇਗਾ। ਇਸ ਮੌਕੇ ’ਤੇ ਮਾਦਕ ਪਦਾਰਥਾਂ ਦੇ ਨਿਯੰਤਰਣ ਦੇ ਤਰੀਕਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਓ ਕੇਂਦਰਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਓਟ ਸੈਂਟਰ ਇਸ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਐਡਵੋਕੇਟ ਵਿਨੋਦ ਕੁਮਾਰ ਨੇ ਲੋਕਾਂ ਨੂੰ ਦੱਸਿਆ ਕਿ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਨਰੇਸ਼ ਸੈਣੀ, ਓਟ ਸੈਂਟਰ ਦੀ ਨਰਸ ਭਾਰਤੀ, ਪੀਐਲਵੀ ਜਾਗੀਰ ਸਿੰਘ, ਕੁਲਵਿੰਦਰ ਕੌਰ , ਠਾਕੁਰ ਬਲਵਾਨ ਸਿੰਘ ਆਦਿ ਵੀ ਹਾਜ਼ਰ ਸਨ।