- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤੰਗਬਾਜ਼ੀ ਦੇ ਸ਼ੌਕ ਖਾਤਰ ਪੰਛੀਆਂ ਤੇ ਇਨਸਾਨਾਂ ਦੀ ਜਾਨ ਖਤਰੇ ਵਿੱਚ ਨਾ ਪਾਈਏ

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਹਿਗੜ੍ਹ ਚੂੜੀਆਂ : ਲੋਹੜੀ ਦੇ ਤਿਉਹਾਰ ਮੌਕੇ ਬਹੁਤ ਵੱਡੇ ਪੱਧਰ ’ਤੇ ਚਾਇਨਾ ਡੋਰ ਦੀ ਵੇਚੀ ਅਤੇ ਖਰੀਦੀ ਜਾਂਦੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਰੋਨ ਕੈਮਰਿਆਂ ਦੀ ਨਿਗਰਾਨੀ ਰਾਹੀਂ ਤੇ ਛਾਪੇਮਾਰੀ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਵੱਡੇ ਜ਼ੁਰਮਾਨੇ ਲਾਏ ਜਾਂਦੇ ਹਨ, ਪਰ ਇਸ ਸਭ ਦੇ ਬਾਵਜੂਦ ਵੀ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੁੰਦੀ ਹੈ। ਇਸ ਸੰਬੰਧੀ ਇਲਾਕੇ ਦੀਆਂ ਵੱਖੋ -ਵੱਖ ਸਖਸ਼ੀਅਤਾਂ ਨੇ ਆਪੋ ਆਪਣੀਆਂ ਭਾਵਨਾਵਾਂ ਨਵਾਂ ਜ਼ਮਾਨਾ ਨਾਲ ਸਾਂਝੀਆਂ ਕੀਤੀਆਂ ਹਨ। ਆਪਣੇ ਕੁੱਝ ਦਿਨਾਂ ਦੇ ਪਤੰਗਬਾਜ਼ੀ ਦੇ ਸ਼ੌਕ ਕਾਰਨ ਪੰਛੀਆਂ ਜਾਨਵਰਾਂ ਤੇ ਇਨਸਾਨਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਹਾਂ। ਪਿੰਡ ਮਾਨ ਸੈਂਡਵਾਲ ਦੇ ਸਰਪੰਚ ਜਸਪਾਲ ਸਿੰਘ ਮਾਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਹਰ ਸਾਲ ਲੋਹੜੀ ਦੇ ਤਿਉਹਾਰ ਮੌਕੇ ਜਦੋਂ ਪਤੰਗਾਂ ਉਡਾਈਆਂ ਜਾਂਦੀਆਂ ਹਨ ਤਾਂ ਬਹੁਤ ਸਾਰੇ ਮਾਸੂਮ ਪੰਛੀ ਤੇ ਇਨਸਾਨ ਇਸਦੀ ਲਪੇਟ ਵਿਚ ਆਉਣ ਕਰਕੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਹ ਖਤਰਨਾਕ ਚਾਈਨਾ ਡੋਰ ’ਤੇ ਪੂਰਨ ਤੌਰ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਜਿਸ ਲਈ ਪੁਲਿਸ ਪ੍ਰਸ਼ਾਸਨ ਨੂੰ ਹੋਰ ਸਖ਼ਤੀ ਵਰਤਣੀ ਚਾਹੀਦੀ ਹੈ।
ਇੰਝ ਹੀ ਭਾਲੋਵਾਲੀ ਪਿੰਡ ਦੇ ਸਰਪੰਚ ਜਸਬੀਰ ਸਿੰਘ ਨੇ ਕਿਹਾ ਕੇ ਚਾਈਨਾ ਡੋਰ ਨਾਲ ਹਰ ਸਾਲ ਵਾਪਰਦੇ ਹਾਦਸਿਆਂ ਤੋਂ ਸਿੱਖਿਆ ਲੈਂਦੇ ਹੋਏ ਸਾਨੂੰ ਸਭਨਾਂ ਨੂੰ ਸਮਾਜਕ ਤੌਰ ’ਤੇ ਚੇਤੰਨ ਹੋਣਾ ਪਵੇਗਾ ਤੇ ਆਪਣੇ ਬੱਚਿਆਂ ਤੇ ਆਸ ਪਾਸ ਗਲੀ ਮੁਹੱਲਿਆ ਦੇ ਲੋਕਾਂ ਨੂੰ ਇਸ ਖਤਰਨਾਕ ਚਾਈਨਾ ਡੋਰ ਤੋਂ ਹੋਣ ਵਾਲੇ ਗੰਭੀਰ ਜਾਨੀ ਨੁਕਸਾਨ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਸਾਨੂੰ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਘਰ ਅਤੇ ਗਲੀ ਮੁਹੱਲਿਆਂ ਤੋਂ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਮਾਨ ਨੇ ਕਿਹਾ ਕੇ ਬੱਚੇ ਤੇ ਨੌਜਵਾਨ ਬੜੇ ਚਾਅ ਨਾਲ ਪਤੰਗਬਾਜ਼ੀ ਦੇ ਇਸ ਤਿਉਹਾਰ ਦਾ ਆਨੰਦ ਮਾਣਦੇ ਨੇ ਉੱਥੇ ਹੀ ਦੁਕਾਨਦਾਰ ਵੀ ਵਾਹਵਾ ਕਮਾਈ ਕਰਦੇ ਹਨ, ਪਰ ਇਹ ਖੂਨੀ ਡੋਰ ਵੇਚਣ ’ਤੇ ਖਰੀਦਣ ਵਾਲੇ ਇਹ ਨਹੀਂ ਸਮਝਦੇ ਕੇ ਇਸ ਨਾਲ ਹਰ ਸਾਲ ਕਿੰਨਾ ਨੁਕਸਾਨ ਹੁੰਦਾ ਹੈ। ਹਜ਼ਾਰਾਂ ਮਾਸੂਮ ਪੰਛੀ ਇਸ ਡੋਰ ਕਾਰਨ ਬੁਰੀ ਤਰ੍ਹਾਂ ਜਖਮੀ ਹੁੰਦੇ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੁੰਦੀ ਹੈ।
ਪਿੰਡ ਸਾਰਚੂਰ ਦੇ ਸਰਪੰਚ ਸੁੱਖ ਬਾਜਵਾ ਨੇ ਕਿਹਾ ਕੇ ਲੋਹੜੀ ਦੇ ਤਿਉਹਾਰ ਵਾਲੇ ਦਿਨਾਂ ਵਿੱਚ ਇਸ ਖਤਰਨਾਕ ਡੋਰ ਦਾ ਸਭ ਤੋਂ ਵੱਧ ਸ਼ਿਕਾਰ ਦੋ ਪਹੀਆ ਵਾਹਨ ਸਵਾਰ ਬਣਦੇ ਹਨ ਤੇ ਵਾਹਨ ਸਵਾਰ ਹਰ ਵਕਤ ਖੌਫਜ਼ਦਾ ਰਹਿੰਦੇ ਨੇ ਕੇ ਪਤਾ ਨਹੀਂ ਕਦੋਂ ਕਿਸ ਪਾਸੇ ਤੋਂ ਆਉਂਦੀ ਇਹ ਖਤਰਨਾਕ ਡੋਰ ਉਹਨਾਂ ਦਾ ਗਲਾ ਚਿਹਰਾ ਨੱਕ ਮੂੰਹ ਕੱਟ ਵੱਢ ਦੇਵੇ ਤੇ ਉਹ ਹਸਪਤਾਲ ਦੇ ਬੈੱਡ ’ਤੇ ਪਏ ਜ਼ਿੰਦਗੀ ਮੌਤ ਦੀ ਜੰਗ ਲੜ੍ਹ ਰਹੇ ਹੋਣ। ਸਭਨਾਂ ਆਗੂਆਂ ਨੇ ਸਾਂਝੇ ਤੌਰ ’ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਸ ਸੰਬੰਧੀ ਉਚੇਚੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਭ ਰਲ਼ਮਿਲ ਕੇ ਲੋਹੜੀ ਦਾ ਪਿਆਰਾ ਤਿਉਹਾਰ ਬਿਨਾਂ ਕਿਸੇ ਡਰ ਭੈਅ ਦੇ ਖੁਸ਼ੀ ਖੁਸ਼ੀ ਮਨਾ ਸਕੀਏ।