ਆਮ ਖਪਤਕਾਰ ਤਰਸੇ, ਫੂਡ ਸਟਾਲਾਂ ‘ਤੇ ਧੜੱਲੇ ਨਾਲ ਚੱਲ ਰਹੇ ਘਰੇਲੂ ਗੈਸ ਸਿਲੰਡਰ

---ਵਿਭਾਗ ਦੀਆਂ ਟੀਮਾਂ ਦੀ ਕਾਰਵਾਈ ਕਾਗਜ਼ਾਂ ਤੱਕ ਸੀਮਤ, ਚੈਕਿੰਗ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਮੀ ਦੇ ਵਿਚਕਾਰ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇੱਕ ਪਾਸੇ ਜਿੱਥੇ ਘਰੇਲੂ ਖਪਤਕਾਰਾਂ ਨੂੰ ਸਿਲੰਡਰ ਬੁਕਿੰਗ ਤੋਂ ਬਾਅਦ ਸੱਤ ਤੋਂ ਅੱਠ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਗੈਸ ਏਜੰਸੀਆਂ ਦੇ ਬਾਹਰ ਲੰਮੀਆਂ ਕਤਾਰਾਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਸ਼ਹਿਰ ਦੇ ਫੂਡ ਸਟਾਲਾਂ ‘ਤੇ ਘਰੇਲੂ ਗੈਸ ਸਿਲੰਡਰਾਂ ਦਾ ਧੜੱਲੇ ਨਾਲ ਇਸਤੇਮਾਲ ਹੁੰਦਾ ਦੇਖ ਖਪਤਕਾਰਾਂ ਵਿੱਚ ਰੋ ਦਿਖਾਈ ਦੇ ਰਿਹਾ ਹੈ।
ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕਮਰਸ਼ੀਅਲ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਅਤੇ ਇਹ ਟੀਮਾਂ ਲਗਾਤਾਰ ਚੈਕਿੰਗ ਮੁਹਿੰਮ ਚਲਾ ਰਹੀਆਂ ਹਨ। ਹਾਲਾਂਕਿ ਜ਼ਮੀਨੀ ਹਕੀਕਤ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੁਠਲਾਉਂਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਫੂਡ ਸਟਾਲਾਂ, ਰੇਹੜੀਆਂ ‘ਤੇ ਜਿੱਥੇ ਵੀ ਨਜ਼ਰ ਮਾਰੋ, ਉੱਥੇ ਘਰੇਲੂ ਗੈਸ ਸਿਲੰਡਰ ਹੀ ਨਜ਼ਰ ਆ ਰਹੇ ਹਨ। ਇਹ ਉਹੀ ਸਿਲੰਡਰ ਹਨ ਜੋ ਸਬਸਿਡੀ ਵਾਲੀਆਂ ਕੀਮਤਾਂ ‘ਤੇ ਘਰੇਲੂ ਖਪਤਕਾਰਾਂ ਲਈ ਰਾਖਵੇਂ ਹਨ। ਫੂਡ ਸਟਾਲਾਂ ‘ਤੇ ਇਨ੍ਹਾਂ ਦੀ ਗਿਣਤੀ ਅਤੇ ਉਪਲਬਧਤਾ ਨੂੰ ਦੇਖਦਿਆਂ ਸਾਫ਼ ਹੈ ਕਿ ਇਨ੍ਹਾਂ ਦੀ ਸਪਲਾਈ ਇੰਨਾਂ ਥਾਵਾਂ ਤੇ ਅਸਾਨੀ ਨਾਲ ਹੋ ਰਹੀ ਹੈ। ਜਦਕਿ ਆਮ ਘਰੇਲੂ ਖਪਤਕਾਰ ਨੂੰ ਇਹੀ ਸਿਲੰਡਰ ਨਹੀਂ ਮਿਲ ਪਾ ਰਹੇ।
ਘਰੇਲੂ ਖਪਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਇੱਕ ਹਫ਼ਤੇ ਤੋਂ ਵੱਧ ਇੰਤਜ਼ਾਰ ਕਰਨਾ ਪੈਂਦਾ ਹੈ। ਏਜੰਸੀ ‘ਤੇ ਕਈ ਦਿਨਾਂ ਚੱਕਰ ਲਗਾਉਣ ਤੋਂ ਬਾਅਦ ਕਿਤੇ ਜਾ ਕੇ ਸਿਲੰਡਰ ਮਿਲਦਾ ਹੈ ਪਰ ਸ਼ਹਿਰ ਵਿੱਚ ਫੂਡ ਸਟਾਲਾਂ ‘ਤੇ ਘਰੇਲੂ ਸਿਲੰਡਰ ‘ਤੇ ਖਾਣਾ ਬਣਦਾ ਦੇਖ ਹੈਰਾਨੀ ਹੁੰਦੀ ਹੈ। ਜੇਕਰ ਸੱਚਮੁੱਚ ਕਮੀ ਹੈ ਤਾਂ ਇਹ ਸਿਲੰਡਰ ਇੰਨੀ ਸੌਖੀ ਤਰ੍ਹਾਂ ਵਪਾਰਕ ਦੁਕਾਨਾਂ ਤੱਕ ਕਿਵੇਂ ਪਹੁੰਚ ਰਹੇ ਹਨ।
ਪ੍ਰਸ਼ਾਸਨ ਵੱਲੋਂ ਚੈਕਿੰਗ ਟੀਮਾਂ ਦੇ ਗਠਨ ਅਤੇ ਨਿਰੰਤਰ ਮੁਹਿੰਮ ਚਲਾਉਣ ਦੇ ਦਾਅਵੇ ਉਸ ਸਮੇਂ ਖੋਖਲੇ ਪ੍ਰਤੀਤ ਹੁੰਦੇ ਹਨ ਜਦੋਂ ਸ਼ਹਿਰ ਦੇ ਲਗਭਗ ਹਰ ਫੂਡ ਸਟਾਲ ‘ਤੇ ਧੜੱਲੇ ਘਰੇਲੂ ਸਿਲੰਡਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਸੱਚਮੁੱਚ ਸਰਗਰਮ ਹੁੰਦਾ ਤਾਂ ਇਹ ਸਥਿਤੀ ਨਹੀਂ ਬਣਦੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਅਧਿਕਾਰੀ ਸਿਰਫ਼ ਕਾਗਜ਼ਾਂ ‘ਤੇ ਰਿਪੋਰਟ ਭਰਨ ਤੱਕ ਸੀਮਤ ਰਹਿ ਗਏ ਹਨ। ਬਜ਼ਾਰ ਵਿੱਚ ਖੁੱਲ੍ਹਆਮ ਘਰੇਲੂ ਸਿਲੰਡਰ ਵਰਤੇ ਜਾ ਰਹੇ ਹਨ ਅਤੇ ਕੋਈ ਪੁੱਛਣ ਵਾਲਾ ਨਹੀਂ ਹੈ।
ਉੱਧਰ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਅਮਨਜੀਤ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਘਰੇਲੂ ਗੈਸ ਦੀ ਵਪਾਰਕ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਘਰੇਲੂ ਗੈਸ ਖਪਤਕਾਰਾਂ ਨੂੰ ਗੈਸ ਏਜੰਸੀਆਂ ਵੱਲੋਂ ਨੰਬਰ ਦੇ ਹਿਸਾਬ ਨਾਲ ਗੈਸ ਸਿਲੰਡਰਾਂ ਦੀ ਡਿਲੀਵਰੀ ਕੀਤੀ ਜਾ ਰਹੀ ਹੈ।
--ਧੜੱਲੇ ਨਾਲ ਹੋ ਰਿਹਾ ਦੁਰਵਰਤੋਂ--
ਜਾਣਕਾਰੀ ਅਨੁਸਾਰ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ਨਾ ਸਿਰਫ਼ ਕਾਨੂੰਨਨ ਅਪਰਾਧ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫੂਡ ਸਟਾਲ ਸੰਚਾਲਕਾਂ ਨੂੰ ਘਰੇਲੂ ਸਿਲੰਡਰਾਂ ਦੀ ਸਪਲਾਈ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ, ਕਿਉਂਕਿ ਬਿਨਾਂ ਕੁਨੈਕਸ਼ਨ ਦੇ ਇਨ੍ਹਾਂ ਦੀ ਸਪਲਾਈ ਨਹੀਂ ਕੀਤੀ ਜਾ ਸਕਦੀ। ਘਰੇਲੂ ਵਰਤੋਂ ਵਾਲੇ ਸਿਲੰਡਰਾਂ ਦੀ ਫੂਡ ਸਟਾਲਾਂ ਨੂੰ ਸਪਲਾਈ ਦਾ ਖਮੀਯਾਜ਼ਾ ਆਮ ਖਪਤਕਾਰ ਨੂੰ ਭੁਗਤਣਾ ਪੈ ਰਿਹਾ ਹੈ। ਖਪਤਕਾਰਾਂ ਵਿੱਚ ਇਹ ਰੋਸ ਇਸ ਲਈ ਵੀ ਡੂੰਘਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਵਿਚਕਾਰ ਮਿਲੀਭੁਗਤ ਨਾਲ ਹੀ ਇਹ ਕਾਲਾਬਾਜ਼ਾਰੀ ਪਨਪ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਭਾਗ ਦੀਆਂ ਟੀਮਾਂ ਸਿਰਫ਼ ਦਾਅਵੇ ਕਰਨ ਤੱਕ ਸੀਮਤ ਰਹਿਣਗੀਆਂ ਅਤੇ ਜ਼ਮੀਨੀ ਪੱਧਰ ‘ਤੇ ਸਖ਼ਤੀ ਨਹੀਂ ਹੋਵੇਗੀ, ਉਦੋਂ ਤੱਕ ਇਹ ਸੰਕਟ ਜਾਰੀ ਰਹੇਗਾ।
ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਆਪਣੀਆਂ ਚੈਕਿੰਗ ਟੀਮਾਂ ਦੀ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਠੋਸ ਕਾਰਵਾਈ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਘਰੇਲੂ ਸਿਲੰਡਰਾਂ ਦੀ ਵਪਾਰਕ ਸਪਲਾਈ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਜਾਂਦੀ, ਉਦੋਂ ਤੱਕ ਘਰੇਲੂ ਖਪਤਕਾਰਾਂ ਦੀ ਪਰੇਸ਼ਾਨੀ ਦੂਰ ਨਹੀਂ ਹੋ ਸਕਦੀ।